ਮੈਲਬੌਰਨ ''ਚ ਖ਼ਰਾਬ ਮੌਸਮ ਦੇ ਬਾਵਜੂਦ ਹਰਭਜਨ ਮਾਨ ਨੇ ਬੰਨ੍ਹਿਆ ਰੰਗ। 

ਮੈਲਬੌਰਨ ''ਚ ਖ਼ਰਾਬ ਮੌਸਮ ਦੇ ਬਾਵਜੂਦ ਹਰਭਜਨ ਮਾਨ ਨੇ ਬੰਨ੍ਹਿਆ ਰੰਗ। 

ਇਥੋਂ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਭਰਪੂਰ ਸਹਿਯੋਗ ਦੇ ਨਾਲ ਪ੍ਰਬੰਧਕ ਹਰਮਨ ਸਿੰਘ, ਰਾਜੂ ਜੋਸਨ ਅਤੇ ਸਹਿਯੋਗੀਆਂ ਵਲੋਂ ਪ੍ਰਸਿੱਧ ਲੋਕ ਗਾਇਕ ਹਰਭਜਨ ਮਾਨ ਦਾ ਸ਼ੋਅ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਇਲਾਕੇ ਕਰੇਗੀਬਰਨ ਵਿਚ ਐਨਜੈਕ ਪਾਰਕ ਵਿਚ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ।ਪੰਜਾਬੀਆਂ ਦੇ ਮਾਣਮੱਤੇ ਪ੍ਰਸਿੱਧ ਲੋਕ ਗਾਇਕ, ਕਵੀਸ਼ਰ ਤੇ ਅਦਾਕਾਰ ਹਰਭਜਨ ਮਾਨ ਵਲੋਂ ਜਦੋ ਦਸਤਕ ਦਿੱਤੀ ਗਈ ਤਾਂ ਸਾਰਾ ਪੰਡਾਲ ਤਾੜੀਆਂ ਦੀ ਗੜ-ਗੜਾਹਟ ਨਾਲ ਗੂੰਜ ਉੱਠਿਆ। ਹਰਭਜਨ ਮਾਨ ਨੇ ਭਿੱਜਗੀ ਕੁੜਤੀ ਲਾਲ, ਸੰਮੀ ਮੇਰੀ ਵਾਰ, ਮਿਰਜ਼ਾ, ਕਾਲ ਜਲੰਧਰ ਤੋਂ ,ਕੱਚ ਦੇ ਕੰਗਣ ਆਦਿ ਅਨੇਕਾ ਗੀਤਾਂ ਨਾਲ ਜ਼ਿੰਦਗੀ ਦੀਆਂ ਅਸਲ ਸੱਚਾਈਆਂ ਨੂੰ ਬਿਆਨ ਕਰਦਿਆਂ ਮਨੁੱਖੀ ਰਿਸ਼ਤਿਆਂ ਦੇ ਮਿੱਠੇ-ਪਿਆਰੇ ਨਿੱਘੇ ਅਹਿਸਾਸ ਤੇ ਪੰਜਾਬੀਅਤ ਦਾ ਸੁਨੇਹਾ ਦਿੰਦਿਆਂ ਪੰਜਾਬ ਨੂੰ ਚੇਤਿਆਂ ਵਿੱਚ ਵਸਾ ਦਿੱਤਾ।
ਹਰਭਜਨ ਮਾਨ ਦੀ ਗਾਇਕੀ ਨਾਲ ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰ ਉੱਠਿਆ ਅਤੇ ਮਾਨ ਨੇ ਸਰੋਤਿਆਂ ਨੂੰ ਆਪਣੇ ਪ੍ਰਸਿੱਧ ਗੀਤਾਂ ਨਾਲ ਨਚਾ ਕੇ ਇਸ ਸ਼ੋਅ ਨੂੰ ਸਿਖਰ ਤੱਕ ਪਹੁੰਚਾ ਆਪਣੀ ਦਮਦਾਰ ਗਾਇਕੀ ਦਾ ਲੋਹਾ ਮੰਨਵਾ ਕੇ ਖੂਬ ਵਾਹ-ਵਾਹ ਖੱਟੀ।ਜ਼ਿਕਰਯੋਗ ਹੈ ਕਿ ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਪਰਿਵਾਰਾਂ ਨੇ ਸਾਬਤ ਕਰ ਦਿੱਤਾ ਕਿ ਸਰੋਤੇ ਅੱਜ ਵੀ ਚੰਗੀ ਤੇ ਸਾਫ ਸੁਥਰੀ ਗਾਇਕੀ ਨੂੰ ਪੂਰਾ ਮਾਣ ਤੇ ਸਤਿਕਾਰ ਦਿੰਦੇ ਹਨ।ਮੌਸਮ ਦਾ ਮਿਜ਼ਾਜ ਖਰਾਬ ਹੋਣ ਦੇ ਬਾਵਜੂਦ ਵੀ ਦਰਸ਼ਕ ਆਪਣੇ ਮਹਿਬੂਬ ਕਲਾਕਾਰ ਦੀ ਗਾਇਕੀ ਦਾ ਆਨੰਦ ਮਾਨਣ ਲਈ ਛੱਤਰੀਆਂ ਲੈ ਕੇ ਖੜ੍ਹੇ ਰਹੇ।
                          Image

ਇਸ ਮੌਕੇ ਬੱਚਿਆਂ ਦਾ ਭੰਗੜਾ, ਪੰਜਾਬੀ ਦੁਕਾਨਾਂ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਖਿੱਚ ਦਾ ਕੇਂਦਰ ਸਨ।ਹਰਭਜਨ ਮਾਨ ਦਾ ਇਹ ਸ਼ੋਅ ਵਿਰਸੇ ਦੀ ਬਾਤ ਪਾਉਂਦਾ ਹੋਇਆ ਨਵੇਂ ਕੀਰਤੀਮਾਨ ਸਥਾਪਿਤ ਕਰਦਾ ਹੋਇਆ ਫਿਰ 2024 ਵਿੱਚ ਮੁੜ ਮਿਲਣ ਦੇ ਵਾਅਦੇ ਨਾਲ ਅਮਿੱਟ ਪੈੜ ਛੱਡ ਗਿਆ। ਦੀਪਕ ਬਾਵਾ ਅਤੇ ਰਾਜੂ ਜੋਸਨ ਵਲੋਂ ਮੰਚ ਦਾ ਸੰਚਾਲਨ ਸ਼ੇਅਰੋ-ਸ਼ਾਇਰੀ ਨਾਲ ਬਾਖੂਬੀ ਕੀਤਾ ਗਿਆ।