ਖਾਲਿਸਤਾਨੀ ਪਨੂੰ ਨੇ ਕੈਨੇਡਾ ’ਚ ਖ਼ਰੀਦਿਆ 21 ਕਰੋੜ ਦਾ ਆਲੀਸ਼ਾਨ ਘਰ

ਖਾਲਿਸਤਾਨੀ ਪਨੂੰ ਨੇ ਕੈਨੇਡਾ ’ਚ ਖ਼ਰੀਦਿਆ 21 ਕਰੋੜ ਦਾ ਆਲੀਸ਼ਾਨ ਘਰ

ਟੋਰਾਂਟੋ  (ਜੋਗਿੰਦਰ ਬਾਸੀ)

ਪੰਜਾਬ ਦੇ ਨੌਜਵਾਨਾਂ ਨੂੰ ਖਾਲਿਸਤਾਨ ਪ੍ਰਤੀ ਭੜਕਾ ਕੇ ਜੇਲ੍ਹ ਦੀ ਹਵਾ ਖਵਾਉਣ ਵਾਲਾ ਸਿੱਖ ਫਾਰ ਜਸਟਿਸ ਦਾ ਸਰਪ੍ਰਸਤ ਗੁਰਪਤਵੰਤ ਸਿੰਘ ਪਨੂੰ ਖ਼ੁਦ ਕੈਨੇਡਾ ਵਿੱਚ ਆਲੀਸ਼ਾਨ ਮਕਾਨ ਵਿੱਚ ਰਹਿ ਰਿਹਾ ਹੈ। ਇਹ ਮਕਾਨ ਉਸਨੇ ਅਪ੍ਰੈਲ 2021 ਵਿੱਚ ਓਕਵਿਲਾ ਵਿੱਚ ਖ਼ਰੀਦਿਆ ਹੈ। ਇਸ ਮਕਾਨ ਦੀ ਡੀਲ 34 ਲੱਖ ਡਾਲਰ ਵਿੱਚ ਹੋਈ ਹੈ ਅਤੇ ਭਾਰਤੀ ਕਰੰਸੀ ਦੇ ਮੁਤਾਬਕ ਇਸਦੀ ਕੀਮਤ ਲੱਗਭਗ 21 ਕਰੋੜ ਰੁਪਏ ਬਣਦੀ ਹੈ। ਗੁਰਪਤਵੰਤ ਸਿੰਘ ਪਨੂੰ ਭਾਰਤ ਵਿੱਚ ਅੱਤਵਾਦ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ ਅਤੇ ਉਸਨੂੰ ਭਾਰਤ ਲਿਆਉਣ ਲਈ ਭਾਰਤ ਦੀਆਂ ਏਜੰਸੀਆਂ ਕੰਮ ਕਰ ਰਹੀਆਂ ਹਨ। ਏਜੰਸੀਆਂ ਨੇ ਆਪਣੀ ਇਸੇ ਮੁਹਿੰਮ ਤਹਿਤ ਪਨੂੰ ਦੇ ਕੈਨੇਡਾ ਵਿਚਲੇ ਇਸ ਘਰ ਦਾ ਪਤਾ ਲਗਾ ਲਿਆ ਹੈ ਅਤੇ ਹੁਣ ਭਾਰਤ, ਕੈਨੇਡਾ ਨੂੰ ਉਸਦੇ ਦੂਤਾਵਾਸ ਰਾਹੀਂ ਭਾਰਤ ਵਿੱਚ ਲੋੜੀਂਦੇ ਇਸ ਅਪਰਾਧੀ ਦੀ ਸਪੁਰਦਗੀ ਲੈਣ ਦੀ ਤਿਆਰੀ ਕਰ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਰਪਤਵੰਤ ਪਨੂੰ ਪੰਜਾਬ ਵਿੱਚ ਖਾਲਿਸਤਾਨ ਬਣਾਉਣ ਦੀ ਮੁਹਿੰਮ ਦੇ ਤਹਿਤ 18 ਸਤੰਬਰ ਨੂੰ ਕੈਨੇਡਾ ਵਿਖੇ ਰੈਫਰੈਂਡੰਮ ਕਰਵਾ ਰਿਹਾ ਹੈ, ਪਰ ਇਸ ਦਾ ਆਪਣਾ ਘਰ ਕਿਸੇ ਆਲੀਸ਼ਾਨ ਮਹਿਲ ਤੋਂ ਘੱਟ ਨਹੀਂ ਹੈ। ਇਹ ਘਰ ਪਨੂੰ ਨੇ ਆਪਣੇ ਅਤੇ ਆਪਣੀ ਪਤਨੀ ਗੁਰਲੀਨ ਪਨੂੰ ਦੇ ਨਾਂ ’ਤੇ ਖ਼ਰੀਦਿਆ ਹੈ। ਇਸ ਘਰ ਲਈ 36 ਲੱਖ ਡਾਲਰ ਦੀ ਮੰਗ ਹੋਈ ਸੀ ਅਤੇ ਸੌਦਾ 34 ਲੱਖ ਡਾਲਰ ਵਿੱਚ ਤੈਅ ਹੋਇਆ ਸੀ। ਗੁਰਪਤਵੰਤ ਸਿੰਘ ਪਨੂੰ ਆਏ ਦਿਨ ਯੂ-ਟਿਊਬ ’ਤੇ ਵੀਡੀਓ ਬਣਾ ਕੇ ਭਾਰਤ ਖਿਲਾਫ਼ ਲੋਕਾਂ ਨੂੰ ਭੜਕਾਉਦਾ ਹੈ ਅਤੇ ਕੈਨੇਡਾ ਦੀ ਧਰਤੀ ’ਤੇ ਬਹਿ ਕੇ ਭਾਰਤ ਵਿਰੋਧੀ ਗਤੀਵਿਧੀਆਂ ਚਲਾ ਰਿਹਾ ਹੈ। ਭਾਰਤ ਦੀਆਂ ਏਜੰਸੀਆਂ ਇਸ ਲੋੜੀਂਦੇ ਅਪਰਾਧੀ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀਆਂ ਹਨ। ਪਨੂੰ ਵੱਲੋਂ ਭੜਕਾਏ ਗਏ ਕਈ ਨੌਜਵਾਨਾਂ ’ਤੇ ਪੰਜਾਬ-ਹਰਿਆਣਾ ਅਤੇ ਹਿਮਾਚਲ ਵਿੱਚ ਪਰਚੇ ਦਰਜ ਹੋਏ ਹਨ ਅਤੇ ਇਨ੍ਹਾਂ ਨੌਜਵਾਨਾਂ ਦੇ ਮਾਤਾ-ਪਿਤਾ ਆਪਣੇ ਪੁੱਤਰਾਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਪਰ ਪਨੂੰ ਕੈਨੇਡਾ ਵਿੱਚ ਮਜ਼ੇ ਲੈ ਰਿਹਾ ਹੈ। ਪਨੂੰ ਨੇ ਭਾਰਤ ਦੇ ਕਈ ਨੌਜਵਾਨਾਂ ਨੂੰ ਡਾਲਰਾਂ ਦਾ ਲਾਲਚ ਦੇ ਕੇ ਭੜਕਾਇਆ ਪਰ ਇਨ੍ਹਾਂ ਨੌਜਵਾਨਾਂ ਵੱਲੋਂ ਪਨੂੰ ਦੇ ਉਕਸਾਵੇ ਵਿੱਚ ਆ ਕੇ ਕੀਤੀਆਂ ਗਈਆਂ ਦੇਸ਼ ਵਿਰੋਧੀ ਗਤੀਵਿਧੀਆਂ ਤੋਂ ਬਾਅਦ ਕਾਬੂ ਆਉਣ ’ਤੇ ਪਨੂੰ ਉਨ੍ਹਾਂ ਦਾ ਸਾਥ ਛੱਡ ਗਿਆ।