PM ਮੋਦੀ ਦੀ ਇਸ ਗੱਲੋਂ ਅਮਰੀਕੀ ਮੀਡੀਆ ਨੇ ਕੀਤੀ ਤਾਰੀਫ਼। 

PM ਮੋਦੀ ਦੀ ਇਸ ਗੱਲੋਂ ਅਮਰੀਕੀ ਮੀਡੀਆ ਨੇ ਕੀਤੀ ਤਾਰੀਫ਼। 

ਅਮਰੀਕੀ ਮੀਡੀਆ ਨੇ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਹ ਦੱਸਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਕਿ ਇਹ ਯੂਕ੍ਰੇਨ ਵਿੱਚ ਯੁੱਧ ਕਰਨ ਦਾ ਸਮਾਂ ਨਹੀਂ ਹੈ। ਮੋਦੀ ਅਤੇ ਪੁਤਿਨ ਵਿਚਾਲੇ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਹੋਈ ਗੱਲਬਾਤ ਨੂੰ ਮੁੱਖ ਧਾਰਾ ਦੇ ਅਮਰੀਕੀ ਮੀਡੀਆ ਨੇ ਵਿਆਪਕ ਕਵਰੇਜ ਦਿੱਤੀ। 'ਦਿ ਵਾਸ਼ਿੰਗਟਨ ਪੋਸਟ' ਨੇ ਸਿਰਲੇਖ ਦਿੱਤਾ, "ਮੋਦੀ ਨੇ ਯੂਕ੍ਰੇਨ ਵਿੱਚ ਜੰਗ ਲਈ ਪੁਤਿਨ ਨੂੰ ਫਟਕਾਰ ਲਗਾਈ।" ਅਖ਼ਬਾਰ ਨੇ ਲਿਖਿਆ, 'ਮੋਦੀ ਨੇ ਪੁਤਿਨ ਨੂੰ ਹੈਰਾਨੀਜਨਕ ਰੂਪ ਨਾਲ ਜਨਤਕ ਫਟਕਾਰ ਲਗਾਉਂਦੇ ਹੋਏ ਕਿਹਾ: 'ਆਧੁਨਿਕ ਯੁੱਗ ਜੰਗ ਦਾ ਯੁੱਗ ਨਹੀਂ ਹੈ ਅਤੇ ਮੈਂ ਇਸ ਬਾਰੇ ਤੁਹਾਡੇ ਨਾਲ ਫੋਨ 'ਤੇ ਗੱਲ ਕੀਤੀ ਹੈ।' ਇਸ ਵਿਚ ਕਿਹਾ ਗਿਆ, 'ਇਸ ਦੁਰਲੱਭ ਨਿੰਦਾ ਕਾਰਨ 69 ਸਾਲਾ ਰੂਸੀ ਨੇਤਾ ਸਾਰੇ ਪੱਖਾਂ ਵੱਲੋਂ ਭਾਰੀ ਦਬਾਅ ਵਿਚ ਆ ਗਏ।'
ਪੁਤਿਨ ਨੇ ਮੋਦੀ ਨੂੰ ਕਿਹਾ, 'ਮੈਂ ਯੂਕ੍ਰੇਨ ਦੇ ਸੰਘਰਸ਼ 'ਤੇ ਤੁਹਾਡਾ ਸਟੈਂਡ ਜਾਣਦਾ ਹਾਂ, ਮੈਂ ਤੁਹਾਡੀਆਂ ਚਿੰਤਾਵਾਂ ਤੋਂ ਜਾਣੂ ਹਾਂ, ਜਿਸ ਬਾਰੇ ਤੁਸੀਂ ਵਾਰ-ਵਾਰ ਗੱਲ ਕਰਦੇ ਰਹਿੰਦੇ ਹੋ। ਅਸੀਂ ਇਸ ਨੂੰ ਜਲਦੀ ਤੋਂ ਜਲਦੀ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਬਦਕਿਸਮਤੀ ਨਾਲ, ਵਿਰੋਧੀ ਯੂਕ੍ਰੇਨ ਦੀ ਲੀਡਰਸ਼ਿਪ ਨੇ ਗੱਲਬਾਤ ਦੀ ਪ੍ਰਕਿਰਿਆ ਨੂੰ ਛੱਡਣ ਦਾ ਐਲਾਨ ਕੀਤਾ ਅਤੇ ਕਿਹਾ ਹੈ ਕਿ ਉਹ ਫੌਜੀ ਸਾਧਨਾਂ ਰਾਹੀਂ, ਯਾਨੀ 'ਜੰਗ ਦੇ ਮੈਦਾਨ' 'ਤੇ ਆਪਣਾ ਟੀਚਾ ਹਾਸਲ ਕਰਨਾ ਚਾਹੁੰਦਾ ਹੈ। ਫਿਰ ਵੀ ਉਥੇ ਜੋ ਵੀ ਹੋ ਰਿਹਾ ਹੈ, ਅਸੀਂ ਤੁਹਾਨੂੰ ਉਸ ਬਾਰੇ ਸੂਚਿਤ ਕਰਦੇ ਰਹਾਂਗੇ।' ਇਹ ‘ਦਿ ਵਾਸ਼ਿੰਗਟਨ ਪੋਸਟ’ ਅਤੇ ‘ਦਿ ਨਿਊਯਾਰਕ ਟਾਈਮਜ਼’ ਦੇ ਵੈੱਬਪੇਜਾਂ ਦੀ ਸੁਰਖੀ ਸੀ। 
'ਦਿ ਨਿਊਯਾਰਕ ਟਾਈਮਜ਼ ਨੇ ਸਿਰਲੇਖ ਦਿੱਤਾ', 'ਭਾਰਤ ਦੇ ਨੇਤਾ ਨੇ ਪੁਤਿਨ ਨੂੰ ਦੱਸਿਆ ਹੈ ਕਿ ਇਹ ਯੁੱਧ ਦਾ ਸਮਾਂ ਨਹੀਂ ਹੈ।' ਉਸ ਨੇ ਲਿਖਿਆ, "ਬੈਠਕ ਦੀ ਸੁਰ ਦੋਸਤਾਨਾ ਸੀ ਅਤੇ ਦੋਵਾਂ ਨੇਤਾਵਾਂ ਨੇ ਆਪਣੇ ਪੁਰਾਣੇ ਸਾਂਝੇ ਇਤਿਹਾਸ ਦਾ ਜ਼ਿਕਰ ਕੀਤਾ। ਮੋਦੀ ਵੱਲੋਂ ਟਿੱਪਣੀ ਕਰਨ ਤੋਂ ਪਹਿਲਾਂ ਪੁਤਿਨ ਨੇ ਕਿਹਾ ਕਿ ਉਹ ਯੂਕ੍ਰੇਨ ਵਿੱਚ ਜੰਗ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਨੂੰ ਸਮਝਦੇ ਹਨ।' ਅਖ਼ਬਾਰ ਨੇ ਕਿਹਾ, 'ਮੋਦੀ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਯੂਕ੍ਰੇਨ ਹਮਲੇ ਤੋਂ ਬਾਅਦ ਪੁਤਿਨ ਨਾਲ ਪਹਿਲੀ ਆਹਮੋ-ਸਾਹਮਣੇ ਦੀ ਬੈਠਕ ਤੋਂ ਇਕ ਦਿਨ ਬਾਅਦ ਇਹ ਟਿੱਪਣੀਆਂ ਕੀਤੀਆਂ। ਜਿਨਪਿੰਗ ਨੇ ਰੂਸੀ ਰਾਸ਼ਟਰਪਤੀ ਨਾਲੋਂ ਵਧੇਰੇ ਸ਼ਾਂਤ ਲਹਿਜ਼ਾ ਅਪਣਾਇਆ ਅਤੇ ਆਪਣੇ ਜਨਤਕ ਬਿਆਨਾਂ ਵਿੱਚ ਯੂਕ੍ਰੇਨ ਦਾ ਜ਼ਿਕਰ ਕਰਨ ਤੋਂ ਬਚਣ ਦੀ ਕੋਸ਼ਿਸ਼ ਕੀਤੀ।'