ਸਿੱਖ ਭਾਈਚਾਰੇ ਨੂੰ ਇਟਲੀ ’ਚ ਮਿਲੀ ਵੱਡੀ ਰਾਹਤ, ਟ੍ਰੈਵਲ ਕਰਨ ਮੌਕੇ ਕਿਰਪਾਨ ਰੱਖਣ ’ਤੇ ਹੁਣ ਨਹੀਂ ਹੋਵੇਗਾ ਪਰਚਾ

 ਸਿੱਖ ਭਾਈਚਾਰੇ ਨੂੰ ਇਟਲੀ ’ਚ ਮਿਲੀ ਵੱਡੀ ਰਾਹਤ, ਟ੍ਰੈਵਲ ਕਰਨ ਮੌਕੇ ਕਿਰਪਾਨ ਰੱਖਣ ’ਤੇ ਹੁਣ ਨਹੀਂ ਹੋਵੇਗਾ ਪਰਚਾ

ਇਟਲੀ ’ਚ ਇਕ ਅੰਮ੍ਰਿਤਧਾਰੀ ਸਿੱਖ ਤੇ ਢਾਡੀ ਮਿਲਖਾ ਸਿੰਘ ਮੌਜੀ ’ਤੇ ਕਿਰਪਾਨ ਰੱਖਣ ਨੂੰ ਲੈ ਕੇ ਪਿਛਲੇ ਦਿਨੀਂ ਦਰਜ ਕੀਤੇ ਗਏ ਪੁਲਸ ਕੇਸ ਤੋਂ ਬਾਅਦ ਇਹ ਘਟਨਾ ਪੂਰੀ ਦੁਨੀਆ ’ਚ ਚਰਚਾ ਦਾ ਵਿਸ਼ਾ ਬਣ ਗਈ ਸੀ। ਅਜਿਹੀ ਘਟਨਾ ਦੁਬਾਰਾ ਕਿਸੇ ਹੋਰ ਸਿੱਖ ਨਾਲ ਨਾ ਵਾਪਰੇ ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਇਟਲੀ ਦੀਆਂ ਸਿੱਖ ਜਥੇਬੰਦੀਆਂ ਨੂੰ ਦਰਜ ਪਰਚੇ ਰੱਦ ਕਰਵਾਉਣ ਅਤੇ ਮਾਮਲੇ ਦੀ ਪੈਰਵਾਈ ਕਰਨ ਲਈ ਹੁਕਮ ਜਾਰੀ ਕੀਤਾ ਗਿਆ ਸੀ, ਜਿਸ ’ਤੇ ਪਹਿਰਾ ਦਿੰਦਿਆਂ ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਆਪਣੇ ਸਾਥੀਆਂ ਸਮੇਤ ਇਟਲੀ ’ਚ ਸਟੇਟ ਪੁਲਸ ਦੇ ਫਸਟ ਡਾਇਰੈਕਟਰ ਡਾ. ਰੋਕੋ ਲੁਸਿਆਨੀ ਨੂੰ ਮਿਲੇ।

ਇਸ ਮੌਕੇ ਪ੍ਰਧਾਨ ਕੰਗ ਆਪਣੇ ਨਾਲ ਇਕ ਵੱਡੀ ਕਿਰਪਾਨ ਵੀ ਪੁਲਸ ਅਧਿਕਾਰੀ ਕੋਲ ਲੈ ਗਏ ਅਤੇ ਸਿੱਖ ਕੌਮ ਲਈ ਕਿਰਪਾਨ ਦੀ ਮਹੱਤਤਾ ਨੂੰ ਵਿਸਥਾਰ ਸਹਿਤ ਸਮਝਾਇਆ। ਇਸ ਮੌਕੇ ਪੁਲਸ ਅਧਿਕਾਰੀ ਨੇ ਪ੍ਰਧਾਨ ਕੰਗ ਦੀ ਗੱਲਬਾਤ ਨੂੰ ਬੜੇ ਹੀ ਧਿਆਨ ਨਾਲ ਸੁਣਨ ਉਪਰੰਤ ਭਰੋਸਾ ਦਿੱਤਾ ਕਿ ਅੱਜ ਤੋਂ ਬਾਅਦ ਇਟਲੀ ’ਚ ਟ੍ਰੈਵਲ ਕਰਨ ਵੇਲੇ ਆਪਣੇ ਬੈਗ ਵਿਚ ਵੱਡੀ ਕਿਰਪਾਨ ਰੱਖਣ ’ਤੇ ਕਿਸੇ ਵੀ ਸਿੱਖ ’ਤੇ ਪਰਚਾ ਦਰਜ ਨਹੀਂ ਹੋਵੇਗਾ ਅਤੇ ਜਿਹੜੇ ਪਹਿਲਾਂ ਪਰਚੇ ਦਰਜ ਕੀਤੇ ਗਏ ਹਨ, ਉਨ੍ਹਾਂ ਦੀ ਵੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ।

ਇਸ ਸਬੰਧ ’ਚ ਕੰਗ ਨੇ ਕਿਹਾ ਕਿ ਇਟਲੀ ’ਚ ਜੂਨ ਮਹੀਨੇ ਵੱਡੇ ਇਤਿਹਾਸਕ ਦਿਹਾੜੇ ਮਨਾਏ ਜਾਣੇ ਹਨ, ਜਿਸ ਵਿਚ ਭਾਗ ਲੈਣ ਲਈ ਭਾਰਤ ਤੋਂ ਕਈ ਸਿੱਖ ਸ਼ਖਸੀਅਤਾਂ ਨੇ ਇਟਲੀ ਆਉਣਾ ਹੈ ਜਿਨ੍ਹਾਂ ਨੂੰ ਕਿਰਪਾਨ ਰੱਖਣ ’ਤੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਉਚ ਪੁਲਸ ਦੇ ਅਧਿਕਾਰੀ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਨ੍ਹਾਂ ਵਲੋਂ ਪੂਰਨ ਤੌਰ ’ਤੇ ਭਰੋਸਾ ਦਿੱਤਾ ਗਿਆ ਹੈ ਕਿ ਹੁਣ ਬੈਗ ’ਚ ਕਿਰਪਾਨ ਰੱਖਣ ’ਤੇ ਪਰਚਾ ਦਰਜ ਨਹੀਂ ਕੀਤਾ ਜਾਵੇਗਾ।