ਗੁਜਰਾਤ ਦੇ ਮੋਰਬੀ ’ਚ ਨਦੀ ’ਤੇ ਬਣਿਆ ਪੁਲ ਡਿਗਣ ਨਾਲ 32 ਲੋਕਾਂ ਦੀ ਮੌਤ ; PM ਮੋਦੀ ਨੇ ਪ੍ਰਗਟਾਇਆ ਦੁੱਖ। 

ਗੁਜਰਾਤ ਦੇ ਮੋਰਬੀ ’ਚ ਨਦੀ ’ਤੇ ਬਣਿਆ ਪੁਲ ਡਿਗਣ ਨਾਲ 32 ਲੋਕਾਂ ਦੀ ਮੌਤ ; PM ਮੋਦੀ ਨੇ ਪ੍ਰਗਟਾਇਆ ਦੁੱਖ। 

ਗੁਜਰਾਤ ਦੇ ਮੋਰਬੀ ’ਚ ਇਕ ਵੱਡਾ ਹਾਦਸਾ ਵਾਪਰ ਗਿਆ ਹੈ। ਮੱਛੂ ਨਦੀ ’ਤੇ ਬਣੇ ਪੁਲ ਦੇ ਡਿੱਗਣ ਦੀ ਸੂਚਨਾ ਹੈ। ਉਥੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਦੱਸਿਆ ਗਿਆ ਹੈ ਕਿ ਜਿਸ ਸਮੇਂ ਪੁਲ ਟੁੱਟਿਆ, ਉਸ ਸਮੇਂ ਤਕਰੀਬਨ 400 ਲੋਕ ਪੁਲ ’ਤੇ ਹੀ ਮੌਜੂਦ ਸਨ। ਇਸ ਹਾਦਸੇ ’ਚ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦਰਜਨਾਂ ਲੋਕ ਜ਼ਖ਼ਮੀ ਹੋਏ ਹਨ। ਪੀ.ਐੱਮ. ਮੋਦੀ ਨੇ ਵੀ ਅਧਿਕਾਰੀਆਂ ਨੂੰ ਘਟਨਾ ਨੂੰ ਲੈ ਕੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਇਸ ਸਬੰਧ 'ਚ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਘਟਨਾ ’ਤੇ ਨਜ਼ਰ ਰੱਖਣ ਲਈ ਕਿਹਾ। ਪੀ.ਐੱਮ. ਮੋਦੀ ਨੇ ਇਸ ਘਟਨਾ ’ਚ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ’ਚੋਂ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੀ ਮਦਦ ਦਿੱਤੀ ਜਾਵੇਗੀ। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਕਿਹਾ ਹੈ ਕਿ ਉਹ ਘਟਨਾ ’ਤੇ ਨਜ਼ਰ ਰੱਖ ਰਹੇ ਹਨ। ਐਂਬੂਲੈਂਸ ਨੂੰ ਤੁਰੰਤ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਅਧਿਕਾਰੀਆਂ ਦੇ ਸੰਪਰਕ ’ਚ ਹਨ। ਉਨ੍ਹਾਂ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ 4-4 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ।

ਹਾਦਸੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਵੀ ਆਇਆ ਹੈ। ਉਨ੍ਹਾਂ ਨੇ ਕਿਹਾ, ‘‘ਮੋਰਬੀ ’ਚ ਹੋਏ ਹਾਦਸੇ ਤੋਂ ਬਹੁਤ ਦੁਖੀ ਹਾਂ। ਮੈਂ ਇਸ ਸਬੰਧ ’ਚ ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਅਤੇ ਹੋਰ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਸਥਾਨਕ ਪ੍ਰਸ਼ਾਸਨ ਪੂਰੀ ਤਿਆਰੀ ਨਾਲ ਰਾਹਤ ਕਾਰਜਾਂ ’ਚ ਜੁਟਿਆ ਹੋਇਆ ਹੈ, ਐੱਨ.ਡੀ.ਆਰ.ਐੱਫ. ਵੀ ਜਲਦ ਹੀ ਮੌਕੇ ’ਤੇ ਪਹੁੰਚ ਰਹੀ ਹੈ। ਪ੍ਰਸ਼ਾਸਨ ਨੂੰ ਜ਼ਖਮੀਆਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।"

ਧਿਆਨ ਦੇਣਯੋਗ ਹੈ ਕਿ ਮੋਰਬੀ ਦੇ ਇਸ ਪੁਲ ਨੂੰ ਹਾਲ ਹੀ ’ਚ ਲੋਕਾਂ ਲਈ ਦੁਬਾਰਾ ਖੋਲ੍ਹਿਆ ਗਿਆ ਸੀ। ਹਾਲਾਂਕਿ, ਮੁਰੰਮਤ ਦੇ ਬਾਵਜੂਦ ਇੱਥੇ ਇਕੱਠੀ ਹੋਈ ਭੀੜ ਦੇ ਭਾਰ ਕਾਰਨ ਪੁਲ ਢਹਿ ਗਿਆ। ਦੱਸਿਆ ਗਿਆ ਹੈ ਕਿ ਕੁਝ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸਥਾਨਕ ਵਿਧਾਇਕ ਅਤੇ ਰਾਜ ਮੰਤਰੀ ਬ੍ਰਜੇਸ਼ ਮੇਰਜਾ ਨੇ ਕਿਹਾ ਕਿ ਪ੍ਰਸ਼ਾਸਨ ਪੂਰੇ ਮਾਮਲੇ ’ਤੇ ਨਜ਼ਰ ਰੱਖ ਰਿਹਾ ਹੈ। ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਪੁਲ ਡਿੱਗਿਆ ਤਾਂ ਉਨ੍ਹਾਂ ਨੇ ਔਰਤਾਂ ਅਤੇ ਬੱਚਿਆਂ ਨੂੰ ਵੀ ਇਸ ਦੀਆਂ ਤਾਰਾਂ ਨਾਲ ਲਟਕਦੇ ਦੇਖਿਆ।