ਚੰਡੀਗੜ੍ਹ ਮੇਅਰ ਦਾ ਅਹੁਦਾ ਕੁਲਦੀਪ ਕੁਮਾਰ ਨੇ ਸੰਭਾਲਿਆ 

ਚੰਡੀਗੜ੍ਹ ਮੇਅਰ ਦਾ ਅਹੁਦਾ ਕੁਲਦੀਪ ਕੁਮਾਰ ਨੇ ਸੰਭਾਲਿਆ 

ਚੰਡੀਗੜ੍ਹ ਦੇ ਨਵੇਂ ਮੇਅਰ ਕੁਲਦੀਪ ਕੁਮਾਰ ਦੀ ਅੱਜ ਤਾਜਪੋਸ਼ੀ ਹੋ ਗਈ ਹੈ। ਉਨ੍ਹਾਂ ਨੂੰ ਇਹ ਕੁਰਸੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਮਿਲੀ ਹੈ। ਉਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਨੂੰ ਅਹੁਦਾ ਨਹੀਂ ਸੰਭਾਲਿਆ ਪਰ ਹਾਈ ਕੋਰਟ ਦੀ ਟਿੱਪਣੀ ਤੋਂ ਬਾਅਦ ਉਨ੍ਹਾਂ ਨੇ ਅੱਜ ਅਪਣਾ ਅਹੁਦਾ ਸੰਭਾਲ ਲਿਆ ਹੈ। ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ 4 ਮਾਰਚ ਨੂੰ ਹੋਣਗੀਆਂ।

ਚੰਡੀਗੜ੍ਹ ਦੇ ਡੀਸੀ ਵਿਨੈ ਪ੍ਰਤਾਪ ਸਿੰਘ ਨੇ 27 ਫਰਵਰੀ ਨੂੰ ਚੋਣਾਂ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਨੂੰ ਕਾਂਗਰਸੀ ਉਮੀਦਵਾਰਾਂ ਗੁਰਪ੍ਰੀਤ ਗੱਪੀ ਅਤੇ ਉਰਮਿਲਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦਿਤੀ ਸੀ। ਉਨ੍ਹਾਂ ਕਿਹਾ ਸੀ ਕਿ ਜਦੋਂ ਮੇਅਰ ਹੀ ਉਨ੍ਹਾਂ ਦੀ ਕੁਰਸੀ ’ਤੇ ਨਹੀਂ ਬੈਠੇ ਹਨ ਤਾਂ ਇਹ ਚੋਣ ਕਿਵੇਂ ਹੋ ਸਕਦੀ ਹੈ।

ਇਸ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਮੇਅਰ ਨੂੰ ਅੱਜ ਹੀ ਅਪਣੀ ਕੁਰਸੀ ’ਤੇ ਸੰਭਾਲਣ ਅਤੇ ਮੁੜ ਚੋਣਾਂ ਕਰਵਾਉਣ ਲਈ ਪ੍ਰਸ਼ਾਸਨ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੇ ਹੁਕਮ ਦਿਤੇ ਸਨ। ਇਸ ਤੋਂ ਬਾਅਦ ਪ੍ਰਸ਼ਾਸਨ ਨੇ 4 ਮਾਰਚ ਨੂੰ ਚੋਣਾਂ ਕਰਵਾਉਣ ਦਾ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਹੈ।