ਅਮਰੀਕਾ ਦੇ ਸਕੂਲ ''ਚ ਹੋਈ ਗੋਲੀਬਾਰੀ, 3 ਬੱਚਿਆਂ ਸਮੇਤ 4 ਲੋਕਾਂ ਦੀ ਹੋਈ ਮੌਤ

ਅਮਰੀਕਾ ਦੇ ਸਕੂਲ ''ਚ ਹੋਈ ਗੋਲੀਬਾਰੀ, 3 ਬੱਚਿਆਂ ਸਮੇਤ 4 ਲੋਕਾਂ ਦੀ ਹੋਈ ਮੌਤ

ਅਮਰੀਕਾ ਦੇ ਓਰੇਗਨ ਰਾਜ ਦੇ ਸ਼ਹਿਰ ਬੈਂਡ ਵਿੱਚ ਵੀਰਵਾਰ ਨੂੰ ਇੱਕ ਸਕੂਲ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਘਟਨਾ ਵਿੱਚ ਤਿੰਨ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਹਮਲਾਵਰ ਨੂੰ ਇੱਕ ਸਥਾਨਕ ਨਾਗਰਿਕ ਨੇ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਮਲਾਵਰ ਦੀ ਉਮਰ ਲਗਭਗ 16 ਸਾਲ ਸੀ।

ਮਾਰੇ ਗਏ ਬੱਚਿਆਂ ਦੀ ਉਮਰ 5, 8 ਅਤੇ 11 ਸਾਲ ਸੀ। ਮਰਨ ਵਾਲਿਆਂ ਵਿੱਚ ਇੱਕ ਅਧਿਆਪਕ ਵੀ ਸ਼ਾਮਲ ਹੈ। ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਇੱਕ 7 ਸਾਲਾ ਬੱਚੇ ਅਤੇ 54 ਸਾਲਾ ਅਧਿਆਪਕ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਪੁਲਿਸ ਮੁਖੀ ਮਾਈਕ ਕ੍ਰਾਂਟਜ਼ ਨੇ ਦੱਸਿਆ ਕਿ ਹਮਲਾਵਰ ਬੈਂਡ (Bend) ਦਾ ਰਹਿਣ ਵਾਲਾ ਸੀ। ਉਸ ਨੇ ਸਕੂਲ ਦੇ ਬੰਦ ਦਰਵਾਜ਼ਿਆਂ 'ਤੇ ਗੋਲੀਆਂ ਚਲਾ ਕੇ ਅੰਦਰ ਪ੍ਰਵੇਸ਼ ਕੀਤਾ ਸੀ। ਇੱਕ ਰਿਪੋਰਟ ਅਨੁਸਾਰ, ਇਸ ਸਾਲ ਸੰਯੁਕਤ ਰਾਜ ਅਮਰੀਕਾ ਵਿਚ ਸਕੂਲਾਂ ਵਿੱਚ ਗੋਲੀਬਾਰੀ ਦੀਆਂ 25 ਘਟਨਾਵਾਂ ਵਾਪਰੀਆਂ ਹਨ।