ਇੰਨ੍ਹਾਂ ਸ਼ਰਤਾਂ ''ਤੇ ਅੰਮ੍ਰਿਤਪਾਲ ਸਿੰਘ ਨੂੰ ਮਿਲੀ ਪੈਰੋਲ,ਸੰਸਦ ਮੈਂਬਰ ਵਜੋਂ ਕੱਲ੍ਹ ਚੁੱਕਣਗੇ ਸਹੁੰ

ਇੰਨ੍ਹਾਂ ਸ਼ਰਤਾਂ ''ਤੇ ਅੰਮ੍ਰਿਤਪਾਲ ਸਿੰਘ ਨੂੰ ਮਿਲੀ ਪੈਰੋਲ,ਸੰਸਦ ਮੈਂਬਰ ਵਜੋਂ ਕੱਲ੍ਹ ਚੁੱਕਣਗੇ ਸਹੁੰ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਬਤੌਰ ਸੰਸਦ ਮੈਂਬਰ ਹਲਫ਼ ਲਵੇਗਾ। ਅੰਮ੍ਰਿਤਪਾਲ ਸਿੰਘ ਨੂੰ ਸ਼ਰਤਾਂ 'ਤੇ ਚਾਰ ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਜੋ 5 ਜੁਲਾਈ ਤੋਂ ਸ਼ੁਰੂ ਹੋਵੇਗੀ। ਗ੍ਰਹਿ ਵਿਭਾਗ ਵੱਲੋਂ ਭੇਜੀ ਅਰਜ਼ੀ ਮਗਰੋਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ 5 ਜੁਲਾਈ ਨੂੰ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਏ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅੰਮ੍ਰਿਤਪਾਲ ਸਿੰਘ ਨੂੰ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ।

ਅੰਮ੍ਰਿਤਪਾਲ ਨੂੰ 5 ਜੁਲਾਈ ਨੂੰ ਅੰਮ੍ਰਿਤਸਰ ਦਿਹਾਤੀ ਪੁਲਸ ਵੱਲੋਂ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਿਜਾਇਆ ਜਾਵੇਗਾ, ਜਿੱਥੇ ਉਹ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕਣ ਤੋਂ ਬਾਅਦ ਸਿੱਧਾ ਡਿਬਰੂਗੜ੍ਹ ਜੇਲ੍ਹ ਵਾਪਸ ਲਿਜਾਇਆ ਜਾਵੇਗਾ।  ਅੰਮ੍ਰਿਤਪਾਲ ਸਿੰਘ ਨੂੰ ਸਖ਼ਤ ਸ਼ਰਤਾਂ ਦੇ ਨਾਲ 5 ਜੁਲਾਈ ਤੋਂ 4 ਦਿਨ ਦੀ ਪੈਰੋਲ ਦਿੱਤੀ ਗਈ ਹੈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਨੂੰ ਵੀ ਮਿਲਣ ਦੀ ਆਗਿਆ ਨਹੀਂ ਹੋਵੇਗੀ, ਹਾਲਾਂਕਿ ਉਹ ਸਿਰਫ ਪਰਿਵਾਰ ਨੂੰ ਮਿਲ ਸਕਣਗੇ ਪਰ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ 'ਤੇ ਰੋਕ ਰਹੇਗੀ। ਇਨ੍ਹਾਂ 4 ਦਿਨਾਂ ਵਿਚ ਅੰਮ੍ਰਿਤਪਾਲ ਨਾ ਤਾਂ ਆਪਣੇ ਪਿੰਡ, ਨਾ ਆਪਣੇ ਹਲਕੇ ਅਤੇ ਨਾ ਹੀ ਪੰਜਾਬ ਜਾ ਸਕੇਗਾ। ਦਰਅਸਲ ਪੰਜਾਬ ਪੁਲਸ ਨੂੰ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਵਾਲੇ ਦਿਨ ਪੰਜਾਬ ਤੋਂ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਦੇ ਦਿੱਲੀ ਇਕੱਠੇ ਹੋਣ ਦਾ ਖਦਸ਼ਾ ਹੈ, ਅਜਿਹੇ 'ਚ ਸੁਰੱਖਿਆ ਪੱਖੋਂ ਪੁਲਸ ਚੌਕੰਨੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਐੱਨ. ਐੱਸ. ਏ. ਤਹਿਤ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦੀ ਮਗਰੋਂ ਪਹਿਲੀ ਵਾਰ ਪੈਰੋਲ ’ਤੇ ਜੇਲ੍ਹ ਵਿਚੋਂ ਬਾਹਰ ਆ ਰਿਹਾ ਹੈ।ਕੁਝ ਦਿਨ ਪਹਿਲਾਂ ਅੰਮ੍ਰਿਤਪਾਲ ਦੀ ਜੇਲ੍ਹ ਵਿਚ ਨਜ਼ਰਬੰਦੀ ਇਕ ਸਾਲ ਲਈ ਹੋਰ ਵਧਾ ਦਿੱਤੀ ਗਈ ਸੀ।