- Updated: June 26, 2023 05:48 PM
ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਨੇ ‘ਪੰਜਾਬ ਵਾਰ ਅਵਾਰਡਜ਼ ਐਕਟ, 1948’ ਦੇ ਤਹਿਤ ਜੰਗੀ ਜਾਗੀਰ ਨੂੰ ਮੌਜੂਦਾ 10,000 ਰੁਪਏ ਸਾਲਾਨਾ ਤੋਂ ਦੁੱਗਣਾ ਕਰਕੇ 20,000 ਰੁਪਏ ਸਾਲਾਨਾ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜੂਨ 2013 ਤੋਂ ਬਾਅਦ ਜੰਗੀ ਜਾਗੀਰ ਵਿੱਚ ਬੀਤੇ 10 ਸਾਲ ਦੌਰਾਨ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਦੀ ਮਹਿੰਗਾਈ ਦੇ ਮੱਦੇਨਜ਼ਰ ਦੇਸ਼ ਦੇ ਸੂਰਬੀਰਾਂ ਦੇ ਮਾਪਿਆਂ ਲਈ ਇਸ ਜੰਗੀ ਜਾਗੀਰ ਨੂੰ ਵਧਾਉਣਾ ਸਰਕਾਰ ਦਾ ਫਰਜ਼ ਬਣਦਾ ਹੈ।
ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਇਸ ਸਬੰਧੀ ਭੇਜੀ ਗਈ ਤਜਵੀਜ਼ ਨੂੰ ਵਿੱਤ ਵਿਭਾਗ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਮਾਪਿਆਂ ਦੀ ਰਿਣੀ ਹੈ ਜਿਨ੍ਹਾਂ ਨੇ ਬਿਨਾਂ ਕੋਈ ਪ੍ਰਵਾਹ ਕੀਤਿਆਂ ਆਪਣਿਆਂ ਪੁੱਤਾਂ ਨੂੰ ਦੇਸ਼ ਦੀ ਰਾਖੀ ਲਈ ਤੋਰਿਆ ਸੀ।
ਇੱਥੇ ਜ਼ਿਕਰਯੋਗ ਹੈ ਕਿ ਉਨ੍ਹਾਂ ਮਾਪਿਆਂ ਜੋ ਪੰਜਾਬ ਦੇ ਵਸਨੀਕ ਹਨ ਅਤੇ ਜਿਨ੍ਹਾਂ ਦੇ ਇਕਲੌਤੇ ਪੁੱਤਰ ਜਾਂ 2 ਤੋਂ 3 ਪੁੱਤਰਾਂ ਨੇ ਦੂਜੇ ਵਿਸ਼ਵ ਯੁੱਧ, ਕੌਮੀ ਸੰਕਟ 1962 ਅਤੇ ਕੌਮੀ ਸੰਕਟ 1971 ਦੌਰਾਨ ਭਾਰਤੀ ਫ਼ੌਜ ਵਿੱਚ ਸੇਵਾ ਕੀਤੀ, ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨ ਵਜੋਂ ਸਾਲਾਨਾ ਜੰਗੀ ਜਾਗੀਰ ਅਦਾ ਕੀਤੀ ਜਾਂਦੀ ਹੈ।