- Updated: September 02, 2026 01:25 PM
ਹਥਨੀ ਕੁੰਡ ਬੈਰਾਜ 'ਤੇ ਸਪੈਸ਼ਲ ਫੋਰਸ ਦੇ ਜਵਾਨਾਂ ਦੀ ਟ੍ਰੇਨਿੰਗ ਦੌਰਾਨ ਵੱਡਾ ਹਾਦਸਾ ਹਾਦਸਾ ਵਾਪਰ ਗਿਆ। ਹੈਲੀਕਾਪਟਰ ਤੋਂ ਯਮੁਨਾ ਵਿੱਚ ਉੱਤਰਨ ਤੋਂ ਬਾਅਦ ਜਵਾਨ ਜਿਸ ਮੋਟਰ ਬੋਟ ਵਿੱਚ ਸਵਾਰ ਸਨ, ਉਹ ਅਚਾਨਕ ਬੰਦ ਹੋ ਗਈ । ਤੇਜ਼ ਵਹਾਅ ਦੇ ਕਾਰਨ ਬੋਟ ਰੁੜ੍ਹਨ ਲੱਗੀ ਅਤੇ ਜਵਾਨ ਪਾਣੀ ਵਿੱਚ ਡਿੱਗ ਗਏ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਿੰਨ ਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦਕਿ ਦੋ ਜਵਾਨ ਲਾਪਤਾ ਹਨ। ਜਦਕਿ ਲਾਪਤਾ ਜਵਾਨਾਂ ਦੀ ਭਾਲ ਵਿੱਚ ਫੌਜ ਦਾ ਰੈਸਕਿਊ ਆਪ੍ਰੇਸ਼ਨ ਜਾਰੀ ਹੈ।
ਜਾਣਕਾਰੀ ਅਨੁਸਾਰ ਸਪੈਸ਼ਲ ਫੋਰਸ ਦੀ ਇਹ ਟ੍ਰੇਨਿੰਗ 30 ਅਗਸਤ ਤੋਂ ਚੱਲ ਰਹੀ ਸੀ ਅਤੇ ਮੰਗਲਵਾਰ ਨੂੰ ਇਸ ਦਾ ਆਖਰੀ ਦਿਨ ਸੀ । ਮੰਗਲਵਾਰ ਸ਼ਾਮ ਲਗਭਗ ਪੰਜ ਵਜੇ ਯਮੁਨਾ ਦੇ ਉੱਪਰਲੇ ਹਿੱਸੇ ਵਿੱਚ ਅਭਿਆਸ ਕਰਵਾਇਆ ਜਾ ਰਿਹਾ ਸੀ। ਇਸ ਦੌਰਾਨ ਜਵਾਨ ਹੈਲੀਕਾਪਟਰ ਤੋਂ ਇੱਕ-ਇੱਕ ਕਰਕੇ ਯਮੁਨਾ ਵਿੱਚ ਖੜ੍ਹੀ ਮੋਟਰ ਬੋਟ ਵਿੱਚ ਉੱਤਰ ਰਹੇ ਸਨ। ਜਵਾਨਾਂ ਦੇ ਬੋਟ ਵਿੱਚ ਪਹੁੰਚਣ ਤੋਂ ਬਾਅਦ ਮੋਟਰ ਬੋਟ ਅਚਾਨਕ ਸਟਾਰਟ ਨਹੀਂ ਹੋ ਸਕੀ। ਇਸੇ ਦੌਰਾਨ ਤੇਜ਼ ਵਹਾਅ ਦੇ ਕਾਰਨ ਬੋਟ ਰੁੜ੍ਹਨ ਲੱਗੀ ਅਤੇ ਜਵਾਨ ਯਮੁਨਾ ਵਿੱਚ ਡਿੱਗ ਗਏ।
ਹਾਦਸੇ ਤੋਂ ਬਾਅਦ ਤਿੰਨ ਜਵਾਨਾਂ ਨੇ ਪੱਛਮੀ ਯਮੁਨਾ ਨਹਿਰ ਦੀ ਦਿਸ਼ਾ ਵਿੱਚ ਤੈਰ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਨਹਿਰ ਵਿੱਚ ਲਗਭਗ 14,500 ਕਿਊਸੈਕ ਪਾਣੀ ਛੱਡਿਆ ਜਾ ਰਿਹਾ ਸੀ। ਤੇਜ਼ ਵਹਾਅ ਦੇ ਬਾਵਜੂਦ ਤਿੰਨੋਂ ਜਵਾਨ ਲਗਭਗ 600 ਮੀਟਰ ਤੱਕ ਤੈਰ ਕੇ ਨਹਿਰ ਦੇ ਖੁੱਲ੍ਹੇ ਗੇਟ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ। ਉੱਥੇ ਹੀ, ਦੋ ਜਵਾਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਦੋ ਜਵਾਨਾਂ ਦੇ ਲਾਪਤਾ ਹੋਣ ਤੋਂ ਬਾਅਦ ਫੌਜ ਨੇ ਤੁਰੰਤ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ। ਕਰਨਲ ਯੋਗੇਂਦਰ ਦੀ ਅਗਵਾਈ ਹੇਠ ਫੌਜ ਦੀ ਟੀਮ ਨਦੀ ਅਤੇ ਨਹਿਰ ਦੇ ਸੰਭਾਵਿਤ ਹਿੱਸਿਆਂ ਵਿੱਚ ਸਰਚ ਆਪ੍ਰੇਸ਼ਨ ਚਲਾ ਰਹੀ ਹੈ। ਫੌਜ ਦੇ ਜਵਾਨ ਰੱਸੀਆਂ ਅਤੇ ਹੋਰ ਰੈਸਕਿਊ ਉਪਕਰਨਾਂ ਦੀ ਮਦਦ ਨਾਲ ਲਾਪਤਾ ਜਵਾਨਾਂ ਦੀ ਭਾਲ ਵਿੱਚ ਜੁਟੇ ਹੋਏ ਹਨ।