- Updated: September 24, 2024 09:19 PM
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਹਮਲਾ ਤੇਜ਼ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਇਸ ਲਈ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਸੱਤਾਧਾਰੀ ਪਾਰਟੀ ਉਨ੍ਹਾਂ ਨੂੰ ‘ਚੋਰ’ ਵਿਖਾਉਣਾ ਚਾਹੁੰਦੀ ਹੈ ਪਰ ਉਨ੍ਹਾਂ ਦੇ ‘ਕੱਟੜ ਦੁਸ਼ਮਣ’ ਵੀ ਮੰਨਦੇ ਹਨ ਕਿ ਉਹ ਭ੍ਰਿਸ਼ਟ ਨਹੀਂ ਹਨ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ‘ਆਪ’ ਉਮੀਦਵਾਰ ਹਰਪਿੰਦਰ ਸਿੰਘ ਦੇ ਸਮਰਥਨ ’ਚ ਸਿਰਸਾ ਦੇ ਰਾਣੀਆ ਹਲਕੇ ’ਚ ਰੋਡ ਸ਼ੋਅ ਕੀਤਾ। ਕੇਜਰੀਵਾਲ ਨੇ ਪਿਛਲੇ ਹਫਤੇ ਤਿਹਾੜ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ। ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਨੇ ਕੌਮੀ ਰਾਜਧਾਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕੀ।
ਰੋਡ ਸ਼ੋਅ ਦੌਰਾਨ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਸਾਢੇ ਪੰਜ ਮਹੀਨੇ ਜੇਲ੍ਹ ਵਿਚ ਬਿਤਾਉਣੇ ਪਏ। ਉਨ੍ਹਾਂ ਕਿਹਾ, ‘‘ਮੇਰਾ ਕੀ ਕਸੂਰ ਸੀ? ਮੇਰੀ ਗਲਤੀ ਇਹ ਹੈ ਕਿ ਮੈਂ ਪਿਛਲੇ 10 ਸਾਲਾਂ ਤੋਂ ਦਿੱਲੀ ਦਾ ਮੁੱਖ ਮੰਤਰੀ ਹਾਂ, ਮੈਂ ਗਰੀਬਾਂ ਦੇ ਬੱਚਿਆਂ ਲਈ ਚੰਗੇ ਸਰਕਾਰੀ ਸਕੂਲ ਬਣਾਏ ਹਨ। ਪਹਿਲਾਂ ਦਿੱਲੀ ’ਚ 7 ਤੋਂ 8 ਘੰਟੇ ਬਿਜਲੀ ਕੱਟ ਲਗਦਾ ਸੀ ਪਰ ਹੁਣ 24 ਘੰਟੇ ਬਿਜਲੀ ਸਪਲਾਈ ਹੋ ਰਹੀ ਹੈ। ਕੀ ਇਹ ਮੇਰਾ ਕਸੂਰ ਹੈ ਕਿ ਮੈਂ ਦਿੱਲੀ ਅਤੇ ਪੰਜਾਬ ਵਿਚ ਬਿਜਲੀ ਮੁਫਤ ਕਰ ਦਿਤੀ?’’
ਉਨ੍ਹਾਂ ਕਿਹਾ, ‘‘ਮੇਰੀ ਗਲਤੀ ਇਹ ਹੈ ਕਿ ਮੈਂ ਤੀਰਥ ਯਾਤਰਾ ਸ਼ੁਰੂ ਕੀਤੀ ਜੋ ਬਜ਼ੁਰਗਾਂ ਲਈ ਮੁਫਤ ਹੈ। ਦਿੱਲੀ ਅਤੇ ਪੰਜਾਬ ’ਚ ਬਹੁਤ ਸਾਰੇ ਕੰਮ ਕੀਤੇ ਗਏ। ਕੋਈ ਵੀ ਭ੍ਰਿਸ਼ਟ ਵਿਅਕਤੀ ਅਜਿਹਾ ਨਹੀਂ ਕਰ ਸਕਦਾ।’’ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦਿੱਲੀ ’ਚ ਬਿਜਲੀ ਮੁਫਤ ਕਰ ਦਿਤੀ ਹੈ, ਜਿਸ ’ਤੇ 3,000 ਕਰੋੜ ਰੁਪਏ ਖਰਚ ਹੋਏ ਹਨ।
ਭਾਜਪਾ ’ਤੇ ਨਿਸ਼ਾਨਾ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਦੇ ਸ਼ਾਸਨ ਵਾਲੇ ਹਰ ਸੂਬੇ ’ਚ ਬਿਜਲੀ ਬਹੁਤ ਮਹਿੰਗੀ ਹੈ। ਉਨ੍ਹਾਂ ਕਿਹਾ, ‘‘ਹਰਿਆਣਾ ’ਚ ਬਿਜਲੀ ਮੁਫਤ ਨਹੀਂ ਹੈ, ਇਹ ਬਹੁਤ ਮਹਿੰਗੀ ਹੈ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੌਣ ‘ਚੋਰ‘ ਹੈ - ਉਹ ਜੋ ਬਿਜਲੀ ਮੁਫਤ ਕਰਦਾ ਹੈ ਜਾਂ ਉਹ ਜੋ ਬਿਜਲੀ ਮਹਿੰਗੀ ਕਰਦਾ ਹੈ।’’
ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਮੈਨੂੰ ਜੇਲ੍ਹ ’ਚ ਕਿਉਂ ਰੱਖਿਆ ਹੈ? ਮੈਂ ਈਮਾਨਦਾਰ ਹਾਂ। ਮੇਰੀ ਈਮਾਨਦਾਰੀ ਨੂੰ ਠੇਸ ਪਹੁੰਚਾਉਣਾ ਚਾਹੁੰਦਾ ਹਾਂ। ਉਹ ਕਹਿਣਾ ਚਾਹੁੰਦੇ ਹਨ ਕਿ ਕੇਜਰੀਵਾਲ ‘ਚੋਰ‘ ਹਨ ਕਿਉਂਕਿ ਉਹ ਪੰਜ ਮਹੀਨੇ ਜੇਲ੍ਹ ’ਚ ਸਨ।’’
ਹਰਿਆਣਾ ’ਚ ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੇ ਪਿਛਲੇ ਹਫਤੇ ਦਾਅਵਾ ਕੀਤਾ ਸੀ ਕਿ ਹਰਿਆਣਾ ’ਚ ਅਗਲੀ ਸਰਕਾਰ ਉਨ੍ਹਾਂ ਦੀ ਪਾਰਟੀ ਦੇ ਸਮਰਥਨ ਤੋਂ ਬਿਨਾਂ ਨਹੀਂ ਬਣ ਸਕਦੀ। ਉਨ੍ਹਾਂ ਦਾਅਵਾ ਕੀਤਾ ਕਿ ਪੂਰਾ ਸੂਬਾ ਬਦਲਾਅ ਚਾਹੁੰਦਾ ਹੈ ਅਤੇ ਲੋਕ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸੱਤਾਧਾਰੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ।