- Updated: February 17, 2025 03:20 PM
ਟਰੰਪ ਸਰਕਾਰ ਦੁਆਰਾ ਦੂਸਰੇ ਜਹਾਜ਼ ’ਚ ਡਿਪੋਰਟ ਕੀਤੇ ਗਏ 116 ਭਾਰਤੀਆਂ ’ਚ ਮਕੇਰੀਆਂ ਦੇ ਵੱਖ-ਵੱਖ ਪਿੰਡਾਂ ਦੇ ਤਿੰਨ ਨੌਜਵਾਨ ਵੀ ਸ਼ਾਮਲ ਹਨ। ਜਿਨ੍ਹਾਂ ਨੂੰ ਅੱਜ ਮੁਕੇਰੀਆਂ ਪੁਲਸ ਵੱਲੋਂ ਥਾਣਾ ਮੁਕੇਰੀਆਂ ਵਿਖੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ। ਅਮਰੀਕਾ ਤੋਂ ਡਿਪੋਰਟ ਕੀਤੇ ਗਏ ਰਣਵੀਰ ਸਿੰਘ (25) ਪੁੱਤਰ ਵੀਰ ਸਿੰਘ ਵਾਸੀ ਮਹਿਊਲਦੀਨਪੁਰ ਗਾਜੀ (ਲੰਡੇ) ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੇਟੇ ਨੂੰ 40 ਲੱਖ ਰੁਪਏ ਲਾ ਕੇ ਅਮਰੀਕਾ ਭੇਜਿਆ ਸੀ। ਘਰ ’ਚ ਗਮਗੀਨ ਮਾਹੌਲ ਹੋਣ ਕਾਰਨ ਰਣਵੀਰ ਦੇ ਮਾਮੇ ਕੁਲਦੀਪ ਸਿੰਘ ਨੇ ਦੱਸਿਆ ਕਿ ਬੇਟਾ ਫਿਜ਼ੀਕਲ ਤੌਰ ’ਤੇ ਫਿੱਟ ਅਤੇ ਭਰਤੀ ਸਬੰਧੀ ਲਏ ਗਏ ਲਿਖਤੀ ਟੈਸਟ ਦਾ ਰਿਜਲਟ ਵੀ ਸਰਕਾਰ ਨੇ ਕੋਰੋਨਾ ਦਾ ਬਹਾਨਾ ਬਣਾ ਕੇ ਕੈਂਸਲ ਕਰ ਦਿੱਤਾ ਸੀ। ਜਿਸ ਕਾਰਨ ਉਨ੍ਹਾਂ ਦਾ ਬੇਟਾ ਚਾਹੁੰਦਾ ਹੋਇਆ ਵੀ ਆਰਮੀ ’ਚ ਭਰਤੀ ਨਾ ਹੋ ਸਕਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਨੌਕਰੀਆਂ ਦੇਣ ਤਾਂ ਨੌਜਵਾਨਾਂ ਨੂੰ ਕੀ ਲੋੜ ਹੈ ਬਾਹਰ ਜਾ ਕੇ ਧੱਕੇ ਖਾਣ ਦੀ।
ਇਸੇ ਤਰ੍ਹਾਂ ਤਰੁਨ ਸਿੰਘ (19) ਪੁੱਤਰ ਕੇਵਲ ਸਿੰਘ ਵਾਸੀ ਲੋਹਗੜ੍ਹ ਹਾਲ ਨਿਵਾਸੀ ਮੁੱਹਲਾ ਤਿੱਖੋਵਾਲ ਪੁਰਾਣੀ ਤਹਿਸੀਲ ਦੀ ਮਾਤਾ ਸੁਧਾ ਨੇ ਦੱਸਿਆ ਕਿ ਬੱਚਾ ਘਰ ਠੀਕਠਾਕ ਪਹੁੰਚ ਗਿਆ, ਸਾਡੇ ਲਈ ਇੰਨਾ ਹੀ ਬਹੁਤ ਹੈ। ਬੱਚੇ ਨੂੰ ਬਾਹਰ ਭੇਜਣ ਦੇ ਕਿੰਨੇ ਪੈਸੇ ਲੱਗੇ, ਇਸ ਬਾਰੇ ਉਨ੍ਹਾਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਬੱਚਿਆਂ ਲਈ ਹੀ ਕਮਾਉਂਦੇ ਹਾਂ, ਜੇ ਬੱਚੇ ਦੀ ਕਿਸਮਤ ’ਚ ਇਹੋ ਸਭ ਕੁਝ ਹੀ ਹੈ ਤਾਂ ਸਾਨੂੰ ਮਨਜ਼ੂਰ ਹੈ।
ਇਸੇ ਤਰ੍ਹਾਂ ਹਰਦੀਪ ਸਿੰਘ (31) ਪੁੱਤਰ ਭੁੱਲਾ ਸਿੰਘ ਵਾਸੀ ਕਲੇਰਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੇਟੇ ਨੂੰ 42 ਲੱਖ ਰੁਪਿਆ ਲਾ ਕੇ ਅਮਰੀਕਾ ਭੇਜਿਆ ਸੀ। ਇਸ ਸਬੰਧ ’ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋਫੈਸਰ ਜੀ. ਐੱਸ. ਮੁਲਤਾਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਨੇ ਨੌਜਵਾਨਾਂ ਨੂੰ ਕੜੀਆਂ ਅਤੇ ਪੈਰਾਂ ’ਚ ਬੇੜੀਆਂ ਪਾ ਕੇ ਡਿਪੋਰਟ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਜੇਕਰ ਕੇਂਦਰ ਸਰਕਾਰ ਚਾਹੁੰਦੀ ਤਾਂ ਨੌਜਵਾਨਾਂ ਨਾਲ ਅਜਿਹਾ ਮੰਦਭਾਗਾ ਵਤੀਰਾ ਨਹੀਂ ਹੋ ਸਕਦਾ ਸੀ।.