BSF ਤੇ ਪੁਲਿਸ ਨੇ ਤਰਨਤਾਰਨ ’ਚ ਪਾਕਿਸਤਾਨੀ ਡਰੋਨ ਸਮੇਤ 260 ਗ੍ਰਾਮ ਹੈਰੋਇਨ ਕੀਤੀ ਬਰਾਮਦ

BSF ਤੇ ਪੁਲਿਸ ਨੇ ਤਰਨਤਾਰਨ ’ਚ ਪਾਕਿਸਤਾਨੀ ਡਰੋਨ ਸਮੇਤ 260 ਗ੍ਰਾਮ ਹੈਰੋਇਨ ਕੀਤੀ ਬਰਾਮਦ

ਪਾਕਿਸਤਾਨ ਵੱਲੋਂ ਆਏ ਦਿਨ ਭਾਰਤ ਦਾ ਮਾਹੌਲ ਖ਼ਰਾਬ ਕਰਨ ਦੇ ਮਕਸਦ ਨਾਲ ਡਰੋਨ ਰਾਹੀਂ ਹਥਿਆਰ ਅਤੇ ਨਸ਼ੇ ਵਾਲੇ ਪਦਾਰਥ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਨੂੰ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ 'ਤੇ ਪੰਜਾਬ ਪੁਲਿਸ ਵੱਲੋਂ ਨਾਕਾਮ ਕੀਤਾ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ, ਜਦੋਂ ਬੀਤੀ ਰਾਤ ਭਾਰਤ-ਪਾਕਿਸਤਾਨ ਸਰਹੱਦ ਦੇ ਪਿੰਡ ਰਾਜੋਕੇ ਦੇ ਖੇਤਾਂ ’ਚੋਂ ਥਾਣਾ ਖਾਲੜਾ ਦੀ ਪੁਲਿਸ ਨੇ 260 ਗ੍ਰਾਮ ਹੈਰੋਇਨ ਸਮੇਤ ਇੱਕ ਪਾਕਿਸਤਾਨ ਡਰੋਨ ਬਰਾਮਦ ਕਰਕੇ ਮਾਮਲਾ ਦਰਜ ਕੀਤਾ।  

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ. ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਖਾਲੜਾ ਪੁਲਿਸ 'ਤੇ ਬੀ.ਐੱਸ.ਐੱਫ ਦੀ 103 ਬਟਾਲੀਅਨ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਪਾਕਿਸਤਾਨ ਵੱਲੋਂ ਆਇਆ ਇੱਕ ਪਾਕਿਸਤਾਨ ਡਰੋਨ ਭਾਰਤੀ ਖੇਤਰ ਵਿਚ ਦਾਖ਼ਲ ਹੋਇਆ ਹੈ, ਜਿਸ ਤੋਂ ਬਾਅਦ ਥਾਣਾ ਖਾਲੜਾ ਦੀ ਪੁਲਿਸ ਅਤੇ ਬੀ.ਐੱਸ.ਐੱਫ. ਦੀ 103 ਬਟਾਲੀਅਨ ਵੱਲੋਂ ਸਾਂਝੇ ਤੌਰ ’ਤੇ ਤਲਾਸ਼ੀ ਅਭਿਆਨ ਚਲਾਇਆ ਗਿਆ।

                Image

ਜਿਸ ਵਿਚ ਸੁਖਦੇਵ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਰਾਜੋਕੇ ਦੇ ਖੇਤਾਂ ’ਚੋਂ ਚੀਨ ਦਾ ਬਣਿਆ ਇੱਕ ਡੀਜੀਆਈ ਮੈਟਰਿਕ ਚਾਈਨਾ ਡਰੋਨ ਸਮੇਤ 260 ਗ੍ਰਾਮ ਹੈਰੋਇਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ  ਖਾਲੜਾ ਵਿਖੇ ਮੁਕਦਮਾ ਨੰਬਰ 68  ਮਿਤੀ 29/05/2024 ਧਾਰਾ 21ਸੀ ਐਨਡੀਪੀਐਸ ਐਕਟ ਅਤੇ 10/11/12 ਏਅਰ ਕਰਾਫਟ ਐਕਟ 1934 ਅਧੀਨ ਮਾਮਲਾ ਦਰਜ ਕਰਦੇ ਹੋਏ ਟੈਕਨੀਕਲ ਸੋਰਸਾਂ ਦੇ ਮਾਧਿਅਮ ਰਾਹੀਂ ਅਗਲੇਰੀ ਜਾਂਚ ਆਰੰਭ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕੀ ਸਬ ਡਵੀਜ਼ਨ ਭਿੱਖੀਵਿੰਡ ਦੇ ਇਲਾਕੇ ’ਚੋਂ 1 ਜਨਵਰੀ ਤੋਂ ਲੈ ਕੇ 29 ਮਈ ਤੱਕ 23 ਕਿਲੋ 800 ਗ੍ਰਾਮ ਦੇ ਕਰੀਬ ਪਾਕਿਸਤਾਨ ਤੋਂ ਭਾਰਤ ਆਈ ਹੈਰੋਇਨ ਅਤੇ ਅਨੇਕਾਂ ਹੀ ਚੀਨ ਦੇ ਬਣੇ ਡਰੋਨ ਬਰਾਮਦ ਕੀਤੇ ਗਏ ਹਨ।