- Updated: August 01, 2024 05:47 PM
ਟੋਰਾਂਟੋ ਵਿਖੇ ਵੱਡਾ ਹਮਲਾ ਕਰਨ ਦੀ ਸਾਜ਼ਿਸ਼ ਘੜ ਰਹੇ ਪਿਉ-ਪੁੱਤ ਨੂੰ ਕੈਨੇਡੀਅਨ ਪੁਲਸ (ਆਰ.ਸੀ.ਐਮ.ਪੀ.) ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਕੈਨੇਡੀਅਨ ਪੁਲਸ ਦੇ ਸਹਾਇਕ ਕਮਿਸ਼ਨਰ ਮੈਟ ਪੈਗਜ਼ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਇਕ ਮਹੀਨੇ ਤੱਕ ਚੱਲੀ ਪੜਤਾਲ ਦੇ ਆਧਾਰ ’ਤੇ ਦੋ ਜਣਿਆਂ ਨੂੰ ਰਿਚਮੰਡ ਹਿਲ ਦੇ ਹੋਟਲ ਵਿਚੋਂ ਕਾਬੂ ਕੀਤਾ ਗਿਆ। 62 ਸਾਲ ਦੇ ਅਹਿਮਦ ਫੁਆਦ ਮੁਸਤਫਾ ਅਲਦੀਦੀ ਅਤੇ 26 ਸਾਲ ਦੇ ਮੁਸਤਫਾ ਅਲਦੀਦੀ ਵਿਰੁੱਧ ਇਸਲਾਮਿਕ ਸਟੇਟ ਦੀਆਂ ਹਦਾਇਤਾਂ ’ਤੇ ਕਤਲ ਕਰਨ ਦੀ ਸਾਜ਼ਿਸ਼ ਘੜਨ ਸਣੇ ਕੁਲ 9 ਦੋਸ਼ ਆਇਦ ਕੀਤੇ ਗਏ ਹਨ। ਕੈਨੇਡੀਅਨ ਪੁਲਸ ਨੇ ਕਿਹਾ ਕਿ ਸੰਭਾਵਤ ਹਮਲੇ ਦੀ ਕਿਸਮ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ ਪਰ ਫਿਲਹਾਲ ਟੋਰਾਂਟੋ ਵਾਸੀਆਂ ਲਈ ਕੋਈ ਖਤਰਾ ਨਹੀਂ।
ਆਰ.ਸੀ.ਐਮ.ਪੀ. ਨੇ ਪਿਉ-ਪੁੱਤ ਵਿਰੁੱਧ ਲਾਏ ਅੱਤਵਾਦ ਦੇ ਦੋਸ਼
ਪਿਉ-ਪੁੱਤ ਕੋਲੋਂ ਇਕ ਕੁਹਾੜੀ ਅਤੇ ਮਸ਼ੇਟੀ ਬਰਾਮਦ ਕੀਤੇ ਗਏ ਹਨ ਜੋ ਹੋਟਲ ਦੇ ਕਮਰੇ ਵਿਚੋਂ ਹੀ ਬਰਾਮਦ ਕੀਤੇ ਗਏ। ਓਂਟਾਰੀਓ ਦੀ ਸੁਪੀਰੀਅਰ ਕੋਰਟ ਵਿਚ ਦਾਖਲ ਦਸਤਾਵੇਜ਼ਾਂ ਮੁਤਾਬਕ ਦੋਵੇਂ ਜਣੇ ਕੈਨੇਡੀਅਨ ਨਾਗਰਿਕ ਹਨ ਅਤੇ ਸਕਾਰਬ੍ਰੋਅ ਦੇ ਇਕ ਘਰ ਵਿਚ ਰਹਿੰਦੇ ਸਨ। ਇਸ ਵੇਲੇ ਘਰ ਵਿਚ ਕੌਣ ਰਹਿ ਰਿਹਾ ਹੈ, ਇਸ ਬਾਰੇ ਪੁਲਸ ਨੇ ਕੋਈ ਜਾਣਕਾਰੀ ਨਹੀਂ ਦਿਤੀ। ਪੜਤਾਲ ਆਰੰਭ ਹੋਣ ਤੋਂ ਪਹਿਲਾਂ ਦੋਹਾਂ ਵਿਚੋਂ ਕਿਸੇ ਦਾ ਪੁਲਸ ਰਿਕਾਰਡ ਨਹੀਂ ਸੀ ਪਰ ਪੁਲਸ ਨੇ ਇਹ ਵੀ ਨਹੀਂ ਦੱਸਿਆ ਕਿ ਕਿਹੜੇ ਕਾਰਨਾਂ ਦੇ ਆਧਾਰ ’ਤੇ ਪੜਤਾਲ ਆਰੰਭੀ ਗਈ। ਚਾਰਜਸ਼ੀਟ ਕਹਿੰਦੀ ਹੈ ਕਿ ਅਹਿਮਦ ਫੁਆਦ ਮੁਸਤਫਾ ਅਲਦੀਦੀ ਨੇ 2015 ਵਿਚ ਕੈਨੇਡਾ ਤੋਂ ਬਾਹਰ ਇਸਲਾਮਿਕ ਸਟੇਟ ਦੇ ਇਸ਼ਾਰੇ ’ਤੇ ਗੰਭੀਰ ਅਪਰਾਧ ਕੀਤਾ। ਇੱਥੇ ਦੱਸਣਾ ਬਣਦਾ ਹੈ ਕਿ ਇਸਲਾਮਿਕ ਸਟੇਟ ਦੇ ਆਗੂ ਅਬੂ ਬਕਰ ਅਲ ਬਗਦਾਦੀ ਵੱਲੋਂ 2014 ਵਿਚ ਜਿਹਾਦ ਦਾ ਐਲਾਨ ਕੀਤਾ ਗਿਆ ਅਤੇ 2019 ਵਿਚ ਅਮਰੀਕੀ ਹਮਲੇ ਦੌਰਾਨ ਮਾਰਿਆ ਗਿਆ।