ਨਿੱਝਰ ਦੇ ਕਤਲ ਪਿੱਛੇ ਭਾਰਤ ਦਾ ਹੱਥ ਹੋਣ ਦੇ ਟਰੂਡੋ ਦੇ ਦਾਵੇ ਖੋਖਲੇ ਨਿਕਲੇ 

ਨਿੱਝਰ ਦੇ ਕਤਲ ਪਿੱਛੇ ਭਾਰਤ ਦਾ ਹੱਥ ਹੋਣ ਦੇ ਟਰੂਡੋ ਦੇ ਦਾਵੇ ਖੋਖਲੇ ਨਿਕਲੇ 

ਪਿਛਲੇ ਸਾਲ 18 ਸਤੰਬਰ ਨੂੰ ਕੈਨੇਡਾ ਦੀ ਸੰਸਦ ’ਚ ਖੜ੍ਹੇ ਹੋ ਕੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਭਾਰਤ ’ਤੇ ਲਾਉਣ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਦਾਅਵਿਆਂ ਦੀ ਅਜੇ ਤਕ ਅਧਿਕਾਰਕ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਮਾਮਲੇ ’ਚ ਕੈਨੇਡਾ ਦੀ ਪੁਲਸ ਨੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਅਜੇ ਵੀ ਇਸ ਗੱਲ ਦਾ ਜਵਾਬ ਨਹੀਂ ਮਿਲਿਆ ਹੈ ਕਿ ਭਾਰਤ ਦੀ ਕਿਹੜੀ ਏਜੰਸੀ ਦਾ ਇਸ ਮਾਮਲੇ ’ਚ ਹੱਥ ਸੀ।

ਹਾਲਾਂਕਿ ਜਿਹੜੇ ਗ੍ਰਿਫ਼ਤਾਰ ਕੀਤੇ ਵਿਅਕਤੀ ਹਨ, ਉਹ ਭਾਰਤੀ ਨਾਗਰਿਕ ਹਨ ਤੇ ਇਨ੍ਹਾਂ ਨੂੰ ਕੈਨੇਡਾ ਦੀ ਨਾਗਰਿਕਤਾ ਨਹੀਂ ਮਿਲੀ ਹੋਈ ਸੀ ਪਰ ਕੀ ਇਨ੍ਹਾਂ ਦਾ ਕਿਸੇ ਭਾਰਤ ਦੀ ਜਾਂਚ ਏਜੰਸੀ ਨਾਲ ਸਬੰਧ ਹੈ? ਕੀ ਇਹ ਵਿਅਕਤੀ ਭਾਰਤ ਦੀ ਕਿਸੇ ਅੰਬੈਸੀ ਦੇ ਕਰਮਚਾਰੀ ਦੇ ਸੰਪਰਕ ’ਚ ਸਨ? ਜਾਂ ਕਿਸੇ ਭਾਰਤੀ ਰਾਜਦੂਤ ਦਾ ਨਾਂ ਇਸ ਮਾਮਲੇ ’ਚ ਅਜੇ ਤਕ ਸਾਹਮਣੇ ਨਹੀਂ ਆਇਆ ਹੈ।

ਇਨ੍ਹਾਂ ਸਾਰੇ ਦੋਸ਼ਾਂ ਦੇ ਚਲਦਿਆਂ ਹੀ ਭਾਰਤ ਤੇ ਕੈਨੇਡਾ ਵਿਚਾਲੇ ਸਬੰਧ ਖ਼ਰਾਬ ਹੋਏ ਸਨ, ਜੋ ਇਸ ਤੋਂ ਬਾਅਦ ਲਗਾਤਾਰ ਵਿਗੜਦੇ ਗਏ ਪਰ ਕਤਲ ਦੇ 10 ਮਹੀਨਿਆਂ ਬਾਅਦ ਕੈਨੇਡਾ ਪੁਲਸ ਦੀ ਪ੍ਰੈੱਸ ਕਾਨਫਰੰਸ ’ਚ ਅਜੇ ਵੀ ਇਹ ਖ਼ੁਲਾਸਾ ਨਹੀਂ ਹੋ ਸਕਿਆ ਹੈ ਕਿ ਕਿਸੇ ਭਾਰਤੀ ਅੰਬੈਸੀ ਜਾਂ ਏਜੰਸੀ ਦਾ ਕਰਮਚਾਰੀ ਜਾਂ ਅਧਿਕਾਰੀ ਇਨ੍ਹਾਂ ਤਿੰਨਾਂ ਮੁਲਜ਼ਮਾਂ ਦੇ ਸੰਪਰਕ ’ਚ ਸੀ ਜਾਂ ਨਹੀਂ।

ਫਿਲਹਾਲ ਪੁਲਸ ਜਾਂਚ ਦੀ ਗੱਲ ਕਰ ਰਹੀ ਹੈ ਪਰ ਅਜੇ ਤਕ ਨਾ ਤਾਂ ਸਿੱਧੇ ਤੌਰ ’ਤੇ ਸ਼ਮੂਲੀਅਤ ਦੀ ਗੱਲ ਸਾਹਮਣੇ ਆਈ ਹੈ, ਨਾ ਹੀ ਕਿਸੇ ਪਰਚੇ ’ਤੇ ਨਾਂ ਹੈ ਤੇ ਨਾ ਹੀ ਪ੍ਰੈੱਸ ਕਾਨਫਰੰਸ ’ਚ ਨਾਂ ਸਾਹਮਣੇ ਆਇਆ ਹੈ।

ਦੱਸ ਦੇਈਏ ਕਿ ਆਰ. ਸੀ. ਐੱਮ. ਪੀ. ਦੇ ਅਸਿਸਟੈਂਟ ਕਮਿਸ਼ਨਰ ਡੇਵਿਡ ਟੇਬੂਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਫੜੇ ਗਏ ਤਿੰਨੇ ਮੁਲਜ਼ਮ ਐਡਮਿੰਟਨ ਦੇ ਰਹਿਣ ਵਾਲੇ ਹਨ। ਕਮਲਪ੍ਰੀਤ ਸਿੰਘ ਤੇ ਕਰਨ ਬਰਾੜ ਦੀ ਉਮਰ 22 ਸਾਲ ਹੈ, ਜਦਕਿ ਕਰਮਪ੍ਰੀਤ ਸਿੰਘ ਦੀ ਉਮਰ 28 ਸਾਲ ਹੈ। ਇਹ ਤਿੰਨੇ ਵੱਖ-ਵੱਖ ਸਮਿਆਂ ਦੌਰਾਨ ਕੈਨੇਡਾ ਆਏ ਸਨ।