ਕੈਨੇਡਾ ਪੁਲਸ ਨੇ ਨਿੱਝਰ ਕਤਲ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਕੀਤੇ ਕਈ ਖ਼ੁਲਾਸੇ

ਕੈਨੇਡਾ ਪੁਲਸ ਨੇ ਨਿੱਝਰ ਕਤਲ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਕੀਤੇ ਕਈ ਖ਼ੁਲਾਸੇ

ਕੈਨੇਡਾ ’ਚ ਬ੍ਰਿਟਿਸ਼ ਕੋਲੰਬੀਆ ਦੀ ਪੁਲਸ ਨੇ ਅੱਜ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਲੈ ਕੇ ਅਹਿਮ ਖ਼ੁਲਾਸੇ ਕੀਤੇ ਹਨ। ਇਸ ਦੇ ਨਾਲ ਹੀ ਭਾਰਤ ਨੂੰ ਲੈ ਕੇ ਵੀ ਉਨ੍ਹਾਂ ਦਾ ਬਿਆਨ ਸਾਹਮਣੇ ਆਇਆ ਹੈ।

ਆਰ. ਸੀ. ਐੱਮ. ਪੀ. ਦੇ ਅਸਿਸਟੈਂਟ ਕਮਿਸ਼ਨਰ ਡੇਵਿਡ ਟੇਬੂਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਫੜੇ ਗਏ ਤਿੰਨੇ ਮੁਲਜ਼ਮ ਐਡਮਿੰਟਨ ਦੇ ਰਹਿਣ ਵਾਲੇ ਹਨ। ਕਮਲਪ੍ਰੀਤ ਸਿੰਘ ਤੇ ਕਰਨ ਬਰਾੜ ਦੀ ਉਮਰ 22 ਸਾਲ ਹੈ, ਜਦਕਿ ਕਰਮਪ੍ਰੀਤ ਸਿੰਘ ਦੀ ਉਮਰ 28 ਸਾਲ ਹੈ। ਇਹ ਤਿੰਨੇ ਵੱਖ-ਵੱਖ ਸਮਿਆਂ ਦੌਰਾਨ ਕੈਨੇਡਾ ਆਏ ਸਨ।

ਡੇਵਿਡ ਟੇਬੂਲ ਨੇ ਭਾਰਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਭਾਰਤ ਸਰਕਾਰ ਨਾਲ ਸੰਭਾਵਿਤ ਸਬੰਧਾਂ ਦੀ ਜਾਂਚ ਕਰ ਰਹੇ ਹਨ ਪਰ ਉਨ੍ਹਾਂ ਨੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਭਾਰਤ ਨਾਲ ਸਹਿਯੋਗ ਕਈ ਸਾਲਾਂ ਤੋਂ ‘ਕਾਫੀ ਮੁਸ਼ਕਿਲ ਤੇ ਚੁਣੌਤੀਪੂਰਨ’ ਰਿਹਾ ਹੈ।

ਇਸ ਦੇ ਨਾਲ ਹੀ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਮਨਿੰਦਰ ਮੂਕਰ ਨੇ ਕਿਹਾ ਕਿ ਜਾਂਚ ਅਜੇ ਖ਼ਤਮ ਨਹੀਂ ਹੋਈ ਹੈ। ਇਸ ਮਾਮਲੇ ’ਚ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।