ਪੰਜਾਬ ਦੇ ਅੰਮ੍ਰਿਤਸਰ ''ਚ ਦਿਨ ਦਿਹਾੜੇ ਕਾਰ ਸਵਾਰਾਂ ਨੇ ਲੁੱਟ ਲਿਆ ''ਅੱਧਾ ਕਿਲੋ'' ਸੋਨਾ

ਪੰਜਾਬ ਦੇ ਅੰਮ੍ਰਿਤਸਰ ''ਚ ਦਿਨ ਦਿਹਾੜੇ ਕਾਰ ਸਵਾਰਾਂ ਨੇ ਲੁੱਟ ਲਿਆ ''ਅੱਧਾ ਕਿਲੋ'' ਸੋਨਾ

ਅੰਮ੍ਰਿਤਸਰ 'ਚ ਦਿਨ-ਦਿਹਾੜੇ ਹੋਏ ਇੱਕ ਸਨਸਨੀਖੇਜ਼ ਹਮਲੇ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਹ ਘਟਨਾ ਅੰਮ੍ਰਿਤਸਰ ਦੇ ਨਿਊ ਫਲਾਵਰ ਸਕੂਲ ਨੇੜੇ ਵਾਪਰੀ ਹੈ। ਸੂਤਰਾਂ ਅਨੁਸਾਰ, ਇੱਕ ਕਾਲੀ ਕਾਰ ਵਿੱਚ ਸਵਾਰ ਹੋ ਕੇ ਆਏ ਕੁਝ ਨੌਜਵਾਨਾਂ ਨੇ ਸੜਕ 'ਤੇ ਜਾ ਰਹੇ ਇੱਕ ਬੁਲੇਟ ਮੋਟਰਸਾਈਕਲ ਸਵਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਤੋਂ ਬਾਅਦ ਹਮਲਾਵਰ ਹਥਿਆਰਾਂ ਸਮੇਤ ਪੀੜਤ ਦੇ ਪਿੱਛੇ ਦੌੜਦੇ ਹਨ ਅਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹਨ। ਪੀੜਤ ਦੀ ਪਛਾਣ ਮੁਖਤਾਰ ਸਿੰਘ ਵਜੋਂ ਹੋਈ ਹੈ, ਜੋ ਕਿ ਅੰਤਰਯਾਮੀ ਕਾਲੋਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਕਾਰੋਬਾਰੀ ਮੁਖਤਾਰ ਸਿੰਘ ਦੇ ਪਰਿਵਾਰ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਪੀੜਤ ਦੇ ਰਿਸ਼ਤੇਦਾਰ ਸਾਹਿਬ ਸਿੰਘ ਨੇ ਦੱਸਿਆ ਕਿ ਜ਼ਖਮੀ ਮੁਖਤਾਰ ਸਿੰਘ ਦਾ ਸੁਲਤਾਨਵਿੰਡ ਰੋਡ ਇਲਾਕੇ ਵਿੱਚ ਗਹਿਣਿਆਂ ਦਾ ਸ਼ੋਰੂਮ ਹੈ। ਇਸ ਹਮਲੇ ਪਿੱਛੇ ਫਿਰੌਤੀ ਦੀ ਮੰਗ ਦਾ ਮਾਮਲਾ ਹੈ। ਉਨ੍ਹਾਂ ਮੁਤਾਬਕ ਕੁਝ ਦਿਨ ਪਹਿਲਾਂ ਮੁਖਤਿਆਰ ਸਿੰਘ ਤੋਂ ਫਿਰੌਤੀ ਮੰਗੀ ਗਈ ਸੀ ਅਤੇ ਰਕਮ ਨਾ ਦਿੱਤੇ ਜਾਣ ਕਾਰਨ ਹਮਲਾਵਰਾਂ ਨੇ ਸ਼ਰੇਆਮ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਹਮਲਾਵਰਾਂ ਨੇ ਮੁਖਤਾਰ ਸਿੰਘ 'ਤੇ ਕ੍ਰਿਪਾਨਾਂ ਨਾਲ ਹਮਲਾ ਕੀਤਾ ਅਤੇ ਉਸ ਕੋਲੋਂ 425 ਗ੍ਰਾਮ ਸੋਨੇ ਦਾ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ। 

ਪੁਲਸ ਦੀ ਕਾਰਵਾਈ 'ਤੇ ਸਵਾਲ ਜ਼ਖ਼ਮੀ ਮੁਖਤਾਰ ਸਿੰਘ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਵਾਰਦਾਤ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਭਾਰੀ ਗੁੱਸਾ ਦੇਖਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਦਿਨ-ਦਿਹਾੜੇ ਹੋ ਰਹੀਆਂ ਅਜਿਹੀਆਂ ਘਟਨਾਵਾਂ ਪੁਲਸ ਦੀ ਕਾਰਜਪ੍ਰਣਾਲੀ 'ਤੇ ਵੱਡੇ ਸਵਾਲ ਖੜ੍ਹੇ ਕਰਦੀਆਂ ਹਨ।