- Updated: October 03, 2025 07:11 PM
ਜਲੰਧਰ ਦੇ ਪ੍ਰੈੱਸ ਕਲੱਬ ਚੌਕ ਨੇੜੇ ਹਿੰਦੂ ਅਤੇ ਮੁਸਲਿਮ ਧਿਰਾਂ ਵਿਚਕਾਰ ਹੰਗਾਮਾ ਹੋ ਗਿਆ। ਇਸ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਮੁਸਲਿਮ ਧਿਰ "ਆਈ ਲਵ ਮੁਹੰਮਦ" ਦੇ ਵਿਵਾਦ ਨੂੰ ਲੈ ਕੇ ਪੁਲਸ ਕਮਿਸ਼ਨਰ ਦੇ ਦਫ਼ਤਰ ਨੂੰ ਇਕ ਮੰਗ ਪੱਤਰ ਲੈ ਕੇ ਜਾ ਰਹੇ ਸਨ। ਮੁਸਲਿਮ ਧਿਰ ਦਾ ਦੋਸ਼ ਹੈ ਕਿ ਇਕ ਸਕੂਟਰੀ ਸਵਾਰ ਨੇ ਜਾਣਬੁੱਝ ਕੇ ਉਨ੍ਹਾਂ ਨੂੰ ਭੜਕਾਉਣ ਲਈ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਹਿੰਦੂ ਧਿਰ ਦਾ ਦੋਸ਼ ਹੈ ਕਿ ''ਜੈ ਸ਼੍ਰੀ ਰਾਮ" ਦੇ ਨਾਅਰੇ ਲਗਾਉਣ ਤੋਂ ਬਾਅਦ ਸਕੂਟਰੀ ਸਵਾਰ ਦੀਆਂ ਚਾਬੀਆਂ ਉਸ ਤੋਂ ਖੋਹ ਲਈਆਂ ਗਈਆਂ ਅਤੇ ਉਸ ਨਾਲ ਕੁੱਟਮਾਰ ਕੀਤੀ ਗਈ।

ਮਾਹੌਲ ਵਿਗੜਦਾ ਵੇਖ ਕੇ ਪੁਲਸ ਵੀ ਉੱਥੇ ਪਹੁੰਚੀ। ਪੁਲਸ ਮਾਮਲੇ ਨੂੰ ਸ਼ਾਂਤ ਕਰਨ ਵਿੱਚ ਰੁੱਝੀ ਹੋਈ ਹੈ। ਸਾਵਧਾਨੀ ਵਜੋਂ ਚੌਕ 'ਤੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਉਥੇ ਹੀ ਮੁਸਲਿਮ ਪੱਖ ਤੋਂ ਆਲ ਇੰਡੀਆ ਉਲੇਮਾ ਦੇ ਚੇਅਰਮੈਨ ਮੁਹੰਮਦ ਅਕਬਰ ਅਲੀ ਨੇ ਕਿਹਾ ਕਿ ਉਹ ਦੇਸ਼ ਵਿੱਚ ਮੁਸਲਮਾਨਾਂ ਨਾਲ ਹੋ ਰਹੇ ਵਿਤਕਰੇ ਵਿਰੁੱਧ ਮੰਗ ਪੱਤਰ ਸੌਂਪਣ ਲਈ ਕਮਿਸ਼ਨਰ ਦਫ਼ਤਰ ਜਾ ਰਹੇ ਸਨ। ਇਸ ਦੌਰਾਨ ਇਕ ਵਿਅਕਤੀ ਨੇ ਉਨ੍ਹਾਂ ਨੂੰ ਵੇਖ ਲਿਆ ਅਤੇ ''ਜੈ ਸ਼੍ਰੀ ਰਾਮ'' ਦੇ ਨਾਅਰੇ ਲਗਾਏ।

ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਲਗਾਏ ਜਾ ਰਹੇ ਕੁੱਟਮਾਰ ਦੇ ਦੋਸ਼ ਝੂਠੇ ਹਨ ਅਤੇ ਹਿੰਦੂ ਵਿਅਕਤੀ ਦੀ ਖੋਹੀ ਗਈ ਸਕੂਟਰੀ ਦੀ ਚਾਬੀ ਵਾਪਸ ਕਰਵਾ ਦਿੱਤੀ ਗਈ ਹੈ। ਭਾਜਪਾ ਨੇਤਾ ਕੇਡੀ ਭੰਡਾਰੀ ਵੀ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਹਿੰਦੂ ਪੱਖ ਦੇ ਨਾਲ ਸੜਕ 'ਤੇ ਧਰਨਾ ਲਗਾ ਦਿੱਤਾ ਹੈ, ਜਿੱਥੇ ''ਜੈ ਸ਼੍ਰੀ ਰਾਮ" ਦੇ ਨਾਅਰੇ ਲਗਾ ਰਹੇ ਹਨ। ਮੁਸਲਿਮ ਧਿਰ ਦੇ ਲੋਕ ਮੌਕੇ ਤੋਂ ਜਾ ਚੁੱਕੇ ਸਨ।