ਤਿਹਾੜ ਜੇਲ੍ਹ ਤੇ ਪੰਜਾਬ ਪੁਲਿਸ ਦੀ ਬੈਠਕ ‘ਚ ਹੋਇਆ ਫੈਸਲਾ,CM ਮਾਨ ਤੇ ਕੇਜਰੀਵਾਲ ਦੀ ਮੁਲਾਕਾਤ ਦਾ ਸਮਾਂ ਤੈਅ

ਤਿਹਾੜ ਜੇਲ੍ਹ ਤੇ ਪੰਜਾਬ ਪੁਲਿਸ ਦੀ ਬੈਠਕ ‘ਚ ਹੋਇਆ ਫੈਸਲਾ,CM ਮਾਨ ਤੇ ਕੇਜਰੀਵਾਲ ਦੀ ਮੁਲਾਕਾਤ ਦਾ ਸਮਾਂ ਤੈਅ

‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਥਿਤ ਸ਼ਰਾਬ ਨੀਤੀ ਦੇ ਮਾਮਲੇ ‘ਚ ਤਿਹਾੜ ਜੇਲ ‘ਚ ਬੰਦ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਦੀ ਮੁਲਾਕਾਤ ਹੁਣ 15 ਅਪ੍ਰੈਲ ਨੂੰ ਹੋਵੇਗੀ। ਇਹ ਫੈਸਲਾ ਤਿਹਾੜ ਜੇਲ੍ਹ ਪ੍ਰਬੰਧਨ ਅਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਦੌਰਾਨ ਲਿਆ ਗਿਆ। ਇਹ ਮੁਲਾਕਾਤ ਦਿੱਲੀ ਤਿਹਾੜ ਜੇਲ੍ਹ ਵਿੱਚ ਹੋਈ। ਇਸ ‘ਚ ਮੁੱਖ ਮੰਤਰੀ ਦੀ ਸੁਰੱਖਿਆ ਨਾਲ ਜੁੜੇ ਹਰ ਮੁੱਦੇ ‘ਤੇ ਚਰਚਾ ਕੀਤੀ ਗਈ।

ਦੂਜੇ ਪਾਸੇ ਸੀਐਮ ਭਗਵੰਤ ਮਾਨ ਚੋਣ ਪ੍ਰਚਾਰ ਲਈ ਆਸਾਮ ਪਹੁੰਚ ਗਏ ਹਨ। ਉਨ੍ਹਾਂ ਨੇ ਉੱਥੇ ਹੀ ਮੁੱਖ ਮੰਤਰੀ ਡਾਕਟਰ ਹਿਮੰਤ ਬਿਸਵਾ ਸਰਮਾ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਇੱਕ ਪੁਰਾਣੀ ਕਹਾਵਤ ਦਾ ਸਹਾਰਾ ਲੈਂਦਿਆਂ ਕਿਹਾ ਕਿ ਜਿਸ ਦੇਸ਼ ਦਾ ਰਾਜਾ ਵਪਾਰੀ ਹੋਵੇ, ਉੱਥੇ ਦੇ ਲੋਕ ਭਿਖਾਰੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਕੂਲ ਇੰਨੇ ਵਧੀਆ ਬਣਾ ਦਿੱਤੇ ਗਏ ਹਨ ਕਿ ਹੁਣ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਕੱਢ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾ ਰਹੇ ਹਨ। ਜਦੋਂ ਕਿ ਅਸਾਮ ਦੇ ਮੁੱਖ ਮੰਤਰੀ ਦੇ ਆਪਣੇ ਸਕੂਲ ਹਨ। ਅਜਿਹੀ ਸਥਿਤੀ ਵਿੱਚ ਸਕੂਲਾਂ ਦਾ ਚਿਹਰਾ ਨਹੀਂ ਬਦਲ ਸਕਦਾ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਸੀਐਮ ਮਾਨ ਵਿਚਕਾਰ 10 ਅਪ੍ਰੈਲ ਨੂੰ ਮੀਟਿੰਗ ਤੈਅ ਕੀਤੀ ਗਈ ਸੀ। ਪਰ ਇਸ ਮੌਕੇ ਮੀਟਿੰਗ ਰੱਦ ਕਰ ਦਿੱਤੀ ਗਈ।

ਪੰਜਾਬ ਦੇ ਮੁੱਖ ਮੰਤਰੀ ਦੋ ਦਿਨਾਂ ਲਈ ਸੂਬੇ ਤੋਂ ਬਾਹਰ ਹਨ। ਉਹ ਆਸਾਮ ਵਿੱਚ ਪਾਰਟੀ ਦੇ ਉਮੀਦਵਾਰ ਲਈ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਉਹ ਇੱਕ ਸਟਾਰ ਪ੍ਰਚਾਰਕ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਅੱਜ ਉਨ੍ਹਾਂ ਨੇ ਆਸਾਮ ਦੇ ਡਿਗਬੋਈ ਇਲਾਕੇ ‘ਚ ਚੋਣ ਪ੍ਰਚਾਰ ਕੀਤਾ, ਜਦਕਿ 13 ਅਪ੍ਰੈਲ ਨੂੰ ਉਹ ਵਿਸ਼ਵਨਾਥ ‘ਚ ਹੋਣਗੇ। ਆਮ ਆਦਮੀ ਪਾਰਟੀ ਆਸਾਮ ਦੀਆਂ ਦੋ ਸੀਟਾਂ ‘ਤੇ ਚੋਣ ਲੜ ਰਹੀ ਹੈ। ਇਸ ਤੋਂ ਪਹਿਲਾਂ ਉਹ ਹਰਿਆਣਾ ਦੇ ਕੁਰੂਕਸ਼ੇਤਰ ‘ਚ ਚੋਣ ਪ੍ਰਚਾਰ ਕਰ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਦਿੱਲੀ ਅਤੇ ਗੁਜਰਾਤ ਵਿੱਚ ਚੋਣ ਪ੍ਰਚਾਰ ਪ੍ਰੋਗਰਾਮ ਹੈ।