- Updated: November 29, 2024 08:58 PM
ਖਨੌਰੀ ਬਾਰਡਰ 'ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ 26 ਨਵੰਬਰ ਨੂੰ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਕਰੀਬ 3 ਦਿਨ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਆਖ਼ਿਰਕਾਰ ਡਿਸਚਾਰਜ ਕਰ ਦਿੱਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਸੀ.ਪੀ. ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਡਾਕਟਰਾਂ ਮੁਤਾਬਕ ਡੱਲੇਵਾਲ ਹੁਣ ਪੂਰੀ ਤਰ੍ਹਾਂ ਤੰਦਰੁਸਤ ਹਨ, ਜਿਸ ਕਾਰਨ ਉਨ੍ਹਾਂ ਨੂੰ ਡਿਸਚਾਰਜ ਕੀਤਾ ਜਾ ਰਿਹਾ ਹੈ। ਡਾਕਟਰਾਂ ਨੇ ਵੀ ਕਿਹਾ ਕਿ ਡੱਲੇਵਾਲ ਸਰੀਰਕ ਤੇ ਮਾਨਸਿਕ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਹਨ। ਇਸ ਕਾਰਨ ਉਨ੍ਹਾਂ ਨੇ ਹੁਣ ਡੱਲੇਵਾਲ ਨੂੰ ਡਿਸਚਾਰਜ ਕਰਨ ਦਾ ਫੈਸਲਾ ਕੀਤਾ ਹੈ।
ਇਸ ਮਗਰੋਂ ਉਨ੍ਹਾਂ ਨੂੰ ਉੱਥੋਂ ਲੈਣ ਲਈ ਕਿਸਾਨਾਂ ਦਾ ਵੱਡਾ ਜੱਥਾ ਪਹੁੰਚਿਆ ਹੋਇਆ ਸੀ, ਜਿਨ੍ਹਾਂ ਨੇ ਜੈਕਾਰਿਆਂ ਦੀ ਗੂੰਜ 'ਚ ਡੱਲੇਵਾਲ ਦਾ ਸਵਾਗਤ ਕੀਤਾ। ਇਸ ਸਬੰਧੀ ਕਿਸਾਨ ਆਗੂ ਕੁਲਦੀਪ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਕ ਤੇ ਉਨ੍ਹਾਂ ਦੀ ਯੂਨੀਅਨ ਦੇ ਮੈਂਬਰ ਤੇ ਹੋਰ ਕਿਸਾਨ ਆਗੂ ਉਨ੍ਹਾਂ ਨੂੰ ਲੈਣ ਲਈ ਹਸਪਤਾਲ ਪਹੁੰਚਣਗੇ, ਜਿਸ ਮਗਰੋਂ ਉਨ੍ਹਾਂ ਨੂੰ ਵਾਪਸ ਖਨੌਰੀ ਬਾਰਡਰ ਲਿਜਾਇਆ ਜਾਵੇਗਾ। ਬਾਹਰ ਆਉਣ ਮਗਰੋਂ ਡੱਲੇਵਾਲ ਨੇ ਵੀ ਕਿਹਾ ਕਿ ਉਹ ਪੂਰੀ ਤਰ੍ਹਾਂ ਠੀਕ ਹਨ ਤੇ ਉਹ ਮੁੜ ਖਨੌਰੀ ਬਾਰਡਰ 'ਤੇ ਪਹੁੰਚਣਗੇ ਤੇ ਧਰਨਾ ਪਹਿਲਾਂ ਵਾਂਗ ਜਾਰੀ ਰੱਖਣਗੇ।