ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ ਨੇ ਦਿੱਤਾ ਅਸਤੀਫ਼ਾ

ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ ਨੇ ਦਿੱਤਾ ਅਸਤੀਫ਼ਾ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ (Congress) ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਦੇ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ  (Dalveer Singh Goldi ) ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਮਿਲਣ ਕਾਰਨ ਦਲਵੀਰ ਸਿੰਘ ਗੋਲਡੀ ਪਿਛਲੇ ਕੁੱਝ ਦਿਨਾਂ ਤੋਂ ਨਾਰਾਜ਼ ਚੱਲ ਰਹੇ ਸੀ। 

ਉਨ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤਿੰਨ ਲਾਈਨਾਂ ਵਾਲਾ ਅਸਤੀਫਾ ਪੱਤਰ ਭੇਜ ਕੇ ਲਿਖਿਆ ਕਿ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਮੈਂ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ।

ਦਲਵੀਰ ਸਿੰਘ ਗੋਲਡੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ- ਭਰੇ ਮਨ ਨਾਲ ਮੈਂ ਅੱਜ ਜੋ ਫੈਸਲਾ ਲੈ ਰਿਹਾ ਹਾਂ ਇਹ ਮੇਰਾ ਪਰਿਵਾਰ ਮੇਰੇ ਸਕੇ ਸੰਬੰਧੀ ਅਤੇ ਜੋ ਵੀ ਮੈਨੂੰ ਨਿਜੀ ਤੌਰ 'ਤੇ ਮੇਰੇ ਸਾਥੀ ਜਾਣਦੇ ਹਨ, ਓਹਨਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਮੇਰੇ ਲਈ ਇਹ ਫੈਸਲਾ ਲੈਣਾ ਕਿੰਨਾਂ ਮੁਸ਼ਕਿਲ ਸੀ।ਇਸ ਬਾਰੇ ਮੇਰਾ ਅਤੇ ਮੇਰੇ ਸਾਥੀਆਂ ਦਾ ਅੰਦਰ ਹੀ ਜਾਣਦਾ ਹੈ।

ਦੱਸ ਦੇਈਏ ਕਿ ਦਲਵੀਰ ਸਿੰਘ ਗੋਲਡੀ ਧੂਰੀ ਸੀਟ ਤੋਂ ਵਿਧਾਇਕ ਰਹਿ ਚੁੱਕੇ ਹਨ। ਪਿਛਲੀ ਵਾਰ ਉਹ ਭਗਵੰਤ ਮਾਨ ਤੋਂ ਚੋਣ ਹਾਰ ਗਏ ਸਨ। ਇਸ ਵਾਰ ਉਹ ਸੰਗਰੂਰ ਸੀਟ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਸਨ। 

ਉਹ ਪਿਛਲੇ 3 ਮਹੀਨਿਆਂ ਤੋਂ ਪਾਰਟੀ ਦੀ ਚੋਣ ਮੁਹਿੰਮ 'ਚ ਲੱਗੇ ਹੋਏ ਸਨ ਪਰ ਜਿਵੇਂ ਹੀ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਟਿਕਟ ਦਿੱਤੀ ਤਾਂ ਗੋਲਡੀ ਪਾਰਟੀ ਤੋਂ ਨਿਰਾਸ਼ ਹੋ ਗਿਆ ਅਤੇ ਪਾਰਟੀ ਪ੍ਰਧਾਨ ਨੇ ਗੋਲਡੀ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਸੀ। ਖਹਿਰਾ ਦਾ ਸਾਥ ਦੇਣ ਦੀ ਅਪੀਲ ਕੀਤੀ ਤਾਂ ਇੱਕ ਵਾਰ ਤਾਂ ਗੋਲਡੀ ਮੰਨ ਗਏ ਸੀ ਪਰ ਹੁਣ ਅਸਤੀਫ਼ਾ ਦੇ ਦਿੱਤਾ ਹੈ।