ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਚੰਡੀਗੜ੍ਹ, ਕਿਹਾ: ਆਧੁਨਿਕਤਾ-ਪੁਰਾਤਨਤਾ ਅਤੇ ਅਧਿਆਤਮਿਕਤਾ ਦੇ ਸੰਗਮ ਦੀ ਧਰਤੀ ਹੈ ਚੰਡੀਗੜ੍ਹ

ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਚੰਡੀਗੜ੍ਹ, ਕਿਹਾ: ਆਧੁਨਿਕਤਾ-ਪੁਰਾਤਨਤਾ ਅਤੇ ਅਧਿਆਤਮਿਕਤਾ ਦੇ ਸੰਗਮ ਦੀ ਧਰਤੀ ਹੈ ਚੰਡੀਗੜ੍ਹ

ਅੱਜ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਚੰਡੀਗੜ੍ਹ ਦੇ ਸੈਕਟਰ-34 ਪ੍ਰਦਰਸ਼ਨੀ ਮੈਦਾਨ 'ਚ ਪਹੁੰਚੇ, ਜਿੱਥੇ ਉਹਨਾਂ ਨੇ ਰੈਲੀ ਕੀਤੀ। ਉਨ੍ਹਾਂ ਦੇ ਨਾਲ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ, ਮੇਅਰ ਅਨੂਪ ਗੁਪਤਾ ਅਤੇ ਹਿਮਾਚਲ ਭਾਜਪਾ ਦੇ ਸਹਿ ਇੰਚਾਰਜ ਸੰਜੇ ਟੰਡਨ ਸਮੇਤ ਹੋਰ ਆਗੂ ਮੌਜੂਦ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਇੱਥੋਂ ਦੇ ਲੋਕਾਂ ਦਾ ਭਾਜਪਾ ਲਈ ਬਹੁਤ ਪਿਆਰ ਹੈ।ਉਨ੍ਹਾਂ ਨੇ ਚੰਡੀਗੜ੍ਹ ਏਅਰ ਫੋਰਸ ਸਟੇਸ਼ਨ ਹੈਰੀਟੇਜ ਸੈਂਟਰ ਦੀ ਆਪਣੀ ਫੇਰੀ ਨੂੰ ਵੀ ਯਾਦ ਕੀਤਾ। 

ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਅਧਿਆਤਮਿਕ ਅਤੇ ਪੁਰਾਤਨ ਜੜ੍ਹਾਂ ਨਾਲ ਜੁੜਿਆ ਹੋਇਆ ਹੈ ਅਤੇ ਇੱਥੇ ਦੇਸ਼-ਵਿਦੇਸ਼ ਦੀਆਂ ਕੰਪਨੀਆਂ ਵੀ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਧਰਤੀ ’ਤੇ ਆਧੁਨਿਕਤਾ, ਪੁਰਾਤਨਤਾ ਅਤੇ ਅਧਿਆਤਮਿਕਤਾ ਦਾ ਸੰਗਮ ਦੇਖਿਆ ਜਾ ਸਕਦਾ ਹੈ।  ਉਨ੍ਹਾਂ ਕਿਹਾ ਕਿ ਚੰਡੀਗੜ੍ਹ 1952 ਵਿਚ ਅੰਬਾਲਾ ਦਾ ਹਿੱਸਾ ਹੁੰਦਾ ਸੀ ਅਤੇ ਬਾਅਦ ਵਿਚ ਵੱਖ ਹੋ ਕੇ ਚੰਡੀਗੜ੍ਹ ਬਣ ਗਿਆ ਸੀ। ਉਹਨਾਂ ਨੇ ਦੱਸਿਆ ਕਿ ਉਹ ਕੁਝ ਮਹੀਨੇ ਪਹਿਲਾਂ ਹੀ ਚੰਡੀਗੜ੍ਹ ਆਏ ਸਨ ਤੇ ਇੱਥੋਂ ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਹਿਮਾਚਲ ਪ੍ਰਦੇਸ਼-ਹਰਿਆਣਾ ਅਤੇ ਪੰਜਾਬ ਦਾ ਟ੍ਰਾਈ-ਜੰਕਸ਼ਨ ਹੈ। ਇਸ ਖੇਤਰ ਦੇ ਲੋਕ ਭਾਰਤੀ ਫੌਜ ਨੂੰ ਸਭ ਤੋਂ ਵੱਡਾ ਯੋਗਦਾਨ ਦਿੰਦੇ ਹਨ।

ਕਰਤਾਰਪੁਰ ਸਾਹਿਬ ਬਾਰੇ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਪੰਜਾਬ ਤੋਂ ਮਹਿਜ਼ 4-5 ਕਿਲੋਮੀਟਰ ਦੀ ਦੂਰੀ 'ਤੇ ਹੈ, ਪਰ ਜਦੋਂ ਦੇਸ਼ ਦੀ ਵੰਡ ਹੋਈ ਤਾਂ ਜੇਕਰ ਕਾਂਗਰਸ ਦੇ ਲੋਕਾਂ ਨੂੰ ਆਜ਼ਾਦੀ ਦਿਵਾਉਣ ਦੀ ਕਾਹਲ ਨਾ ਹੁੰਦੀ ਤਾਂ ਉਸ ਸਮੇਂ ਕਰਤਾਰਪੁਰ ਸਾਹਿਬ ਭਾਰਤ ਦਾ ਹਿੱਸਾ ਹੁੰਦਾ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਇਸ ਦਰਦ ਨੂੰ ਪਹਿਲੀ ਵਾਰ ਸਮਝਿਆ ਹੈ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। ਉਹਨਾਂ ਨੇ ਕਿਹਾ ਕਿ ਅੱਜ ਕਰਤਾਰਪੁਰ ਸਾਹਿਬ ਸਾਡੇ ਨਾਲ ਜੁੜ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ 9 ਸਾਲਾਂ 'ਚ ਕੀ ਕੀਤਾ, ਇਹ ਲੋਕ ਬਿਹਤਰ ਜਾਣਦੇ ਹਨ। 

              Image

ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਤੱਕ ਭਾਰਤ ਦੀਆਂ ਗੱਲਾਂ ਨੂੰ ਵਿਸ਼ਵ ਮੰਚ 'ਤੇ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਸੀ ਪਰ ਅੱਜ ਜਦੋਂ ਭਾਰਤ ਵਿਸ਼ਵ ਮੰਚ 'ਤੇ ਬੋਲਦਾ ਹੈ ਤਾਂ ਲੋਕ ਖੁੱਲ੍ਹੇ ਕੰਨਾਂ ਨਾਲ ਸੁਣਦੇ ਹਨ। ਭਰਤ ਦਾ ਸਿਰ ਉੱਚਾ ਹੋਇਆ ਹੈ। ਉਨ੍ਹਾਂ ਨੇ ਉਸ ਦਿਨ ਨੂੰ ਵੀ ਯਾਦ ਕੀਤਾ ਜਦੋਂ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਕਿਹਾ ਸੀ ਕਿ 'ਮੈਂ ਮਿੱਟੀ ਦੀ ਸੌਂਹ ਖਾਂਦਾ ਹਾਂ - ਮੈਂ ਦੇਸ਼ ਨੂੰ ਮਿਟਣ ਨਹੀਂ ਦਿਆਂਗਾ, ਦੇਸ਼ ਨੂੰ ਝੁਕਣ ਨਹੀਂ ਦਿਆਂਗਾ'।ਪ੍ਰਧਾਨ ਮੰਤਰੀ ਮੋਦੀ ਨੇ ਜੋ ਕਿਹਾ ਉਹ ਕਰ ਕੇ ਦਿਖਾਇਆ ਹੈ ਅਤੇ ਇਸ ਐਲਾਨ ਨੂੰ ਆਪਣੀ ਜ਼ਿੰਦਗੀ ਵਿਚ ਸੱਚ ਕਰ ਦਿੱਤਾ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪੁਰੀ ਅਤੇ ਪੁਲਵਾਮਾ ਘਟਨਾਵਾਂ ਤੋਂ ਬਾਅਦ ਲੋਕਾਂ ਵਿਚ ਨਿਰਾਸ਼ਾ ਦਾ ਮਾਹੌਲ ਸੀ, ਪਰ ਪ੍ਰਧਾਨ ਮੰਤਰੀ ਮੋਦੀ ਨੇ ਸਿਰਫ਼ 10 ਮਿੰਟਾਂ ਵਿਚ ਫ਼ੈਸਲਾ ਲੈ ਲਿਆ। ਇਸ ਤੋਂ ਬਾਅਦ ਫੌਜ ਦੇ ਜਵਾਨਾਂ ਨੇ ਪਾਕਿਸਤਾਨ ਦੀ ਧਰਤੀ 'ਤੇ ਜਾ ਕੇ ਅੱਤਵਾਦੀਆਂ ਨੂੰ ਖ਼ਤਮ ਕਰਨ 'ਚ ਸਫ਼ਲਤਾ ਹਾਸਲ ਕੀਤੀ ਸੀ। ਇਸ ਨੇ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਕਿ ਭਾਰਤ ਹੁਣ ਕਮਜ਼ੋਰ ਭਾਰਤ ਨਹੀਂ ਰਿਹਾ।

ਭਾਰਤ ਕੋਲ ਇੰਨੀ ਤਾਕਤ ਹੈ ਕਿ ਲੋੜ ਪੈਣ 'ਤੇ ਉਹ ਇਸ ਪਾਰ ਵੀ ਮਾਰ ਸਕਦਾ ਹੈ ਅਤੇ ਦੂਜੇ ਪਾਸੇ ਵੀ ਮਾਰ ਸਕਦਾ ਹੈ। ਉਹਨਾਂ ਨੇ ਕਿਹਾ ਕਿ ਚੰਡੀਗੜ੍ਹ-ਪੰਜਾਬ-ਹਰਿਆਣਾ ਦੀ ਧਰਤੀ ਨੇ ਦੇਸ਼ ਨੂੰ ਸੁਰੱਖਿਆ ਅਤੇ ਹੌਂਸਲਾ ਦੇਣ ਦਾ ਕੰਮ ਕੀਤਾ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜਦੋਂ ਦੇਸ਼ ਵਿਚ ਅਗਿਆਨਤਾ ਦਾ ਹਨੇਰਾ ਸੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਗਿਆਨ ਦਾ ਸੰਦੇਸ਼ ਦੇ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ। ਜਦੋਂ ਦੇਸ਼ ਵਿਚ ਭੁੱਖਮਰੀ ਦਾ ਸੰਕਟ ਖੜ੍ਹਾ ਹੋਇਆ ਤਾਂ ਇੱਥੋਂ ਦੇ ਕਿਸਾਨਾਂ ਨੇ ਪਸੀਨਾ ਵਹਾ ਕੇ ਨਵਾਂ ਲੇਖ ਲਿਖਿਆ। ਇਸ ਖੇਤਰ ਦੇ ਲੋਕ ਭਾਰਤੀ ਫੌਜ ਨੂੰ ਸਭ ਤੋਂ ਵੱਡਾ ਯੋਗਦਾਨ ਦਿੰਦੇ ਹਨ। ਰੱਖਿਆ ਮੰਤਰੀ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਨਾਲ ਰੈਲੀ ਦੀ ਸਮਾਪਤੀ ਕੀਤੀ।