ED ਦੀ ਹਿਰਾਸਤ ’ਚੋਂ CM ਕੇਜਰੀਵਾਲ ਵਲੋਂ ਦੂਜਾ ਆਦੇਸ਼ ਕੀਤਾ ਗਿਆ ਜਾਰੀ ਜਿਸ ''ਚ ਸਿਹਤ ਮੰਤਰਾਲੇ ਨੂੰ ਦਿਤੇ ਹੁਕਮ

ED ਦੀ ਹਿਰਾਸਤ ’ਚੋਂ CM ਕੇਜਰੀਵਾਲ ਵਲੋਂ ਦੂਜਾ ਆਦੇਸ਼ ਕੀਤਾ ਗਿਆ ਜਾਰੀ ਜਿਸ ''ਚ ਸਿਹਤ ਮੰਤਰਾਲੇ ਨੂੰ ਦਿਤੇ ਹੁਕਮ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਸਮੇਂ ਕਥਿਤ ਦਿੱਲੀ ਸ਼ਰਾਬ ਘੁਟਾਲਾ ਮਾਮਲੇ ਵਿਚ ਈਡੀ ਦੀ ਹਿਰਾਸਤ ਵਿਚ ਹਨ। ਹਾਲਾਂਕਿ ਹੁਣ ਤਕ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿਤਾ ਹੈ। 'ਆਪ' ਆਗੂਆਂ ਦਾ ਦਾਅਵਾ ਹੈ ਕਿ ਕੇਜਰੀਵਾਲ ਜੇਲ 'ਚੋਂ ਹੀ ਸਰਕਾਰ ਚਲਾਉਣਗੇ। ਹੁਣ ਉਨ੍ਹਾਂ ਨੇ ਈਡੀ ਦੀ ਹਿਰਾਸਤ ਵਿਚੋਂ ਸਿਹਤ ਵਿਭਾਗ ਲਈ ਹੁਕਮ ਜਾਰੀ ਕੀਤੇ ਹਨ। ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਕੇਜਰੀਵਾਲ ਨੇ ਸਿਹਤ ਮੰਤਰਾਲੇ ਨੂੰ ਨਿਰਦੇਸ਼ ਜਾਰੀ ਕੀਤੇ ਹਨ।

ਸੌਰਭ ਭਾਰਦਵਾਜ ਨੇ ਦਸਿਆ ਕਿ ਕੇਜਰੀਵਾਲ ਨੇ ਜੇਲ ਤੋਂ ਹਦਾਇਤਾਂ ਭੇਜੀਆਂ ਹਨ ਅਤੇ ਕਿਹਾ ਹੈ ਕਿ ਉਨ੍ਹਾਂ ਦਾ ਮਨ ਦੁਖੀ ਹੈ ਕਿ ਦਿੱਲੀ ਦੇ ਕਈ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਵਿਚ ਮੁਫਤ ਦਵਾਈਆਂ ਉਪਲਬਧ ਨਹੀਂ ਹਨ। ਮੁਹੱਲਾ ਕਲੀਨਿਕ ਵਿਚ ਮੁਫ਼ਤ ਟੈਸਟ ਉਪਲਬਧ ਨਹੀਂ ਹਨ। ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦੇ ਜੇਲ ਜਾਣ ਕਾਰਨ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਸੌਰਭ ਭਾਰਦਵਾਜ ਅਨੁਸਾਰ ਕੇਜਰੀਵਾਲ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਜਲਦੀ ਤੋਂ ਜਲਦੀ ਕਦਮ ਚੁੱਕੇ ਜਾਣ ਅਤੇ ਦਵਾਈਆਂ ਅਤੇ ਟੈਸਟ ਸਾਰੇ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਵਿਚ ਮੁਫਤ ਉਪਲਬਧ ਹੋਣੇ ਚਾਹੀਦੇ ਹਨ।

ਸੌਰਭ ਭਾਰਦਵਾਜ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਗ੍ਰਿਫ਼ਤਾਰ ਹੋ ਜਾਂਦਾ ਹੈ ਤਾਂ ਉਹ ਸੋਚਦਾ ਹੈ ਕਿ ਵਕੀਲ ਕੌਣ ਹੋਵੇਗਾ, ਕੀ ਬਹਿਸ ਹੋਵੇਗੀ ਪਰ ਕੇਜਰੀਵਾਲ ਅਜਿਹੀ ਮਿੱਟੀ ਦੇ ਬਣੇ ਹਨ ਕਿ ਗ੍ਰਿਫ਼ਤਾਰ ਹੋਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਦਿੱਲੀ ਦੇ ਲੋਕਾਂ ਬਾਰੇ ਸੋਚਦੇ ਹਨ। ਦਿੱਲੀ ਦੇ ਗਰੀਬ ਪੂਰੀ ਤਰ੍ਹਾਂ ਸਰਕਾਰੀ ਹਸਪਤਾਲ ਅਤੇ ਮੁਹੱਲਾ ਕਲੀਨਿਕਾਂ ਉਤੇ ਨਿਰਭਰ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦਾ ਸਿਹਤ ਮੰਤਰਾਲਾ ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਜਲਦ ਕਾਰਵਾਈ ਕਰੇਗਾ।

ਇਸ ਤੋਂ ਪਹਿਲਾਂ 24 ਮਾਰਚ ਨੂੰ ਕੇਜਰੀਵਾਲ ਨੇ ਜਲ ਮੰਤਰਾਲੇ ਦੇ ਨਾਂਅ 'ਤੇ ਪਹਿਲਾ ਸਰਕਾਰੀ ਆਦੇਸ਼ ਜਾਰੀ ਕੀਤਾ ਸੀ। ਉਨ੍ਹਾਂ ਨੇ ਜਲ ਮੰਤਰੀ ਆਤਿਸ਼ੀ ਨੂੰ ਆਦੇਸ਼ ਦਿਤਾ ਸੀ ਕਿ ਦਿੱਲੀ ਵਿਚ ਜਿਥੇ ਵੀ ਪਾਣੀ ਦੀ ਕਮੀ ਹੈ, ਉਥੇ ਟੈਂਕਰਾਂ ਦਾ ਪ੍ਰਬੰਧ ਕੀਤਾ ਜਾਵੇ। ਅਦਾਲਤ 'ਚ ਪੇਸ਼ੀ ਸਮੇਂ ਉਨ੍ਹਾਂ ਕਿਹਾ ਸੀ ਕਿ ਉਹ ਅਸਤੀਫਾ ਨਹੀਂ ਦੇਣਗੇ ਅਤੇ ਜੇ ਲੋੜ ਪਈ ਤਾਂ ਜੇਲ 'ਚੋਂ ਹੀ ਸਰਕਾਰ ਚਲਾਉਣਗੇ।