- Updated: September 07, 2026 06:15 PM
ਫਾਜ਼ਿਲਕਾ ਦੇ ਨਵੀਂ ਅਬਾਦੀ ਇਲਾਕੇ ਵਿਚ ਰਾਮਲੀਲਾ ਮੈਦਾਨ ਦੀਆਂ ਝਾੜੀਆਂ ਵਿਚੋਂ ਸ਼ੱਕੀ ਹਾਲਤ ਵਿਚ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫ਼ੈਲ ਗਈ। ਲਾਸ਼ ਨੂੰ ਸੱਭ ਤੋਂ ਪਹਿਲਾਂ ਸਕੂਲ ਤੋਂ ਗੁਜ਼ਰ ਰਹੇ ਬੱਚਿਆਂ ਨੇ ਵੇਖਿਆ, ਜਿਸ ਮਗਰੋਂ ਉਨ੍ਹਾਂ ਨੇ ਰੌਲ਼ਾ ਪਾ ਕੇ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕ ਤੇ ਕੌਂਸਲਰ ਮੌਕੇ 'ਤੇ ਪਹੁੰਚੇ ਤੇ ਪੁਲਸ ਨੂੰ ਸੂਚਨਾ ਦਿੱਤੀ। ਇਹ ਇਲਾਕਾ ਰੇਲਵੇ ਦੇ ਅਧੀਨ ਆਉਂਦਾ ਹੈ, ਰੇਲਵੇ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮਹਿਲਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ।
ਇਸ ਸਬੰਧੀ ਇਲਾਕਾ ਨਿਵਾਸੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਰਾਮਲੀਲਾ ਮੈਦਾਨ ਹੈ, ਜਿੱਥੇ ਹਰ ਸਾਲ ਰਾਮਲੀਲਾ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਯੋਜਨ ਮਗਰੋਂ ਮੈਦਾਨ ਦੇ ਇਕ ਹਿੱਸੇ ਵਿਚ ਝਾੜੀਆਂ ਉੱਗ ਆਉਂਦੀਆਂ ਹਨ ਤੇ ਸਹੀ ਤਰ੍ਹਾਂ ਦੇਖਭਾਲ ਨਹੀਂ ਹੁੰਦੀ। ਇਨ੍ਹਾਂ ਝਾੜੀਆਂ ਵਿਚ ਹੀ ਸਕੂਲ ਦੇ ਬੱਚਿਆਂ ਨੇ ਮਹਿਲਾ ਦੀ ਲਾਸ਼ ਪਈ ਵੇਖੀ ਤੇ ਰੌਲ਼ਾ ਪਾਇਆ। ਕੌਂਸਲਰ ਰਮੇਸ਼ ਕਟਾਰੀਆ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਉਹ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਮੁਤਾਬਕ, ਝਾੜੀਆਂ ਵਿਚ ਮਹਿਲਾ ਦੀ ਲਾਸ਼ ਪਈ ਸੀ ਤੇ ਉਸ ਦੇ ਢਿੱਡ ਵਿਚ ਇੰਜੈਕਸ਼ਨ ਲੱਗਿਆ ਦਿਖਾਈ ਦੇ ਰਿਹਾ ਸੀ। ਕੌਂਸਲਰ ਨੇ ਇਲਾਕੇ ਵਿਚ ਵੱਧ ਰਹੇ ਨਸ਼ੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ।
ਮੌਕੇ 'ਤੇ ਪਹੁੰਚੇ ਰੇਲਵੇ ਪੁਲਸ ਅਫ਼ਸਰ ਪਰਗਟ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਲਾਸ਼ ਨੂੰ ਪਾਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮਹਿਲਾ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲਸ ਮਹਿਲਾ ਦੀ ਪਛਾਣ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਫ਼ਿਲਹਾਲ ਰੇਲਵੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।