- Updated: April 15, 2023 04:48 PM
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇੱਕ ਸ਼ਾਪਿੰਗ ਸੈਂਟਰ ਵਿੱਚ ਸ਼ਨੀਵਾਰ ਤੜਕੇ ਭਿਆਨਕ ਅੱਗ ਲੱਗਣ ਕਾਰਨ ਹਜ਼ਾਰਾਂ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਨਿਊਜ਼ ਪੋਰਟਲ bdnews24.com ਨੇ ਨਿਊਮਾਰਕੇਟ ਪੁਲਸ ਸਟੇਸ਼ਨ ਦੇ ਮੁਖੀ ਸ਼ਫੀਕੁਲ ਗਨੀ ਸਾਬੂ ਦੇ ਹਵਾਲੇ ਨਾਲ ਦੱਸਿਆ ਕਿ ਅੱਗ ਸਵੇਰੇ ਕਰੀਬ 4.45 ਵਜੇ ਨਿਊਮਾਰਕੇਟ ਅਤੇ ਢਾਕਾ ਕਾਲਜ ਦੇ ਵਿਚਕਾਰ ਸਥਿਤ ਸ਼ਾਪਿੰਗ ਸੈਂਟਰ 'ਨਿਊ ਸੁਪਰਮਾਰਕੀਟ' ਦੀ ਦੂਜੀ ਮੰਜ਼ਿਲ 'ਤੇ ਲੱਗੀ ਅਤੇ ਤੇਜ਼ੀ ਨਾਲ ਹੋਰ ਮੰਜ਼ਿਲਾਂ ਤੱਕ ਫੈਲ ਗਈ।

ਉਨ੍ਹਾਂ ਦੱਸਿਆ ਕਿ ਆਰਮੀ, ਨੇਵੀ ਅਤੇ ਏਅਰ ਫੋਰਸ ਦੀਆਂ ਟੀਮਾਂ ਅੱਗ ਬੁਝਾਉਣ ਵਿੱਚ ਮਦਦ ਕਰ ਰਹੀਆਂ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਅੱਗ 'ਤੇ ਕਾਬੂ ਪਾਉਣ ਲਈ 'ਬਾਰਡਰ ਗਾਰਡ ਬੰਗਲਾਦੇਸ਼' ਦੀਆਂ 12 ਪਲਟਨਾਂ ਨੂੰ ਵੀ ਮੌਕੇ 'ਤੇ ਤਾਇਨਾਤ ਕੀਤਾ ਗਿਆ ਹੈ।

ਫਾਇਰ ਬ੍ਰਿਗੇਡ ਦੀਆਂ 28 ਗੱਡੀਆਂ ਵੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਫਾਇਰ ਸਰਵਿਸ ਦੇ ਸਹਾਇਕ ਡਿਪਟੀ ਡਾਇਰੈਕਟਰ ਸ਼ਾਹਜਹਾਂ ਸਿਕਦਾਰ ਨੇ bdnews24.com ਨੂੰ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।