- Updated: July 09, 2023 05:59 PM
ਉੱਤਰੀ ਭਾਰਤ ਦੇ ਕਈ ਸੂਬਿਆਂ 'ਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਕੁਝ ਦਿਨਾਂ ਤਕ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ।
ਭਾਰੀ ਬਰਸਾਤ ਕਾਰਨ ਸੜਕਾਂ 'ਤੇ ਪਾਣੀ ਭਰਿਆ
ਆਈਐਮਡੀ ਨੇ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਪੰਜਾਬ ਤੇ ਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਦੱਸ ਦੇਈਏ ਕਿ ਬੀਤੇ ਦਿਨ ਤੋਂ ਦਿੱਲੀ 'ਚ ਲਗਾਤਾਰ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ ਹੈ।
ਹਿਮਾਚਲ ਵਿੱਚ ਸੜਕਾਂ ਬੰਦ
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਹਿਮਾਚਲ 'ਚ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਸੜਕਾਂ ਬੰਦ ਹੋ ਗਈਆਂ ਹਨ। ਇਸ ਦੇ ਨਾਲ ਹੀ ਹਰਿਆਣਾ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ।
ਦਿੱਲੀ 'ਚ ਟੁੱਟਿਆ 41 ਸਾਲਾਂ ਰਿਕਾਰਡ
ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ 'ਚ ਪਾਣੀ ਭਰ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਸ਼ਹਿਰ ਵਿੱਚ 24 ਘੰਟਿਆਂ ਵਿੱਚ 153 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ 1982 ਤੋਂ ਬਾਅਦ ਜੁਲਾਈ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਹੈ। ਇਸ ਮੀਂਹ ਨੇ 41 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।ਐਤਵਾਰ ਨੂੰ ਵੀ ਦਿੱਲੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਭਾਰੀ ਬਾਰਿਸ਼ ਜਾਰੀ ਰਹੀ। ਇਸ ਦੇ ਨਾਲ ਹੀ ਗੁਰੂਗ੍ਰਾਮ ਦੇ ਕਈ ਹਿੱਸਿਆਂ ਵਿੱਚ ਪਾਣੀ ਭਰਨ ਅਤੇ ਬਿਜਲੀ ਕੱਟ ਦੀ ਸਮੱਸਿਆ ਵੀ ਪੈਦਾ ਹੋ ਗਈ।
ਵੱਖ-ਵੱਖ ਘਟਨਾਵਾਂ 'ਚ ਕਈ ਲੋਕਾਂ ਦੀ ਮੌਤ
ਰਿਪੋਰਟਾਂ ਮੁਤਾਬਕ ਦਿੱਲੀ 'ਚ ਇਕ 58 ਸਾਲਾ ਔਰਤ ਦੇ ਫਲੈਟ ਦੀ ਛੱਤ ਡਿੱਗਣ ਨਾਲ ਮੌਤ ਹੋ ਗਈ, ਜਦਕਿ ਰਾਜਸਥਾਨ 'ਚ ਬਾਰਿਸ਼ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ।ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਐਤਵਾਰ ਸਵੇਰੇ ਮੀਂਹ ਕਾਰਨ ਇਕ ਘਰ ਢਹਿ ਗਿਆ, ਜਿਸ ਕਾਰਨ ਇਕ ਔਰਤ ਅਤੇ ਉਸ ਦੀ 6 ਸਾਲਾ ਬੇਟੀ ਦੀ ਮੌਤ ਹੋ ਗਈ।ਇਸੇ ਤਰ੍ਹਾਂ ਦੀ ਇੱਕ ਘਟਨਾ ਵਿੱਚ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ, ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਹੜ੍ਹਾਂ ਕਾਰਨ ਦੋ ਫੌਜੀ ਜਵਾਨਾਂ ਦੀ ਮੌਤ ਹੋ ਗਈ।
ਦੱਖਣੀ ਭਾਰਤ ਵਿੱਚ ਵੀ ਮੀਂਹ ਜਾਰੀ ਹੈ
ਇੱਥੇ ਦੱਸ ਦੇਈਏ ਕਿ ਦੱਖਣੀ ਭਾਰਤੀ ਰਾਜ ਕੇਰਲ ਤੇ ਕਰਨਾਟਕ ਦੇ ਕਈ ਇਲਾਕਿਆਂ 'ਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਆਈਐਮਡੀ ਨੇ ਕੇਰਲ ਦੇ ਚਾਰ ਜ਼ਿਲ੍ਹਿਆਂ - ਕੋਝੀਕੋਡ, ਵਾਇਨਾਡ, ਕੰਨੂਰ ਅਤੇ ਕਾਸਰਗੋਡ ਵਿੱਚ ਇੱਕ ਯੈਲੋ ਅਲਰਟ ਜਾਰੀ ਕੀਤਾ ਹੈ।
ਅਗਲੇ ਦੋ ਦਿਨਾਂ ਲਈ ਅਲਰਟ
ਵਿਭਾਗ ਦੇ ਵਿਗਿਆਨੀ ਡਾ: ਚਰਨ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉੱਤਰੀ ਭਾਰਤ ਅਤੇ ਖਾਸ ਕਰਕੇ ਪਹਾੜਾਂ ਦੀ ਗੱਲ ਕਰੀਏ ਤਾਂ ਸਾਰੇ ਹਿਮਾਲੀਅਨ ਖੇਤਰ ਖਾਸ ਤੌਰ 'ਤੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਅਗਲੇ ਦੋ ਦਿਨਾਂ ਤੱਕ ਭਾਰੀ ਬਾਰਿਸ਼ ਹੋਵੇਗੀ। ਇਸ ਤੋਂ ਬਾਅਦ ਮੀਂਹ ਦੀ ਤੀਬਰਤਾ ਘੱਟ ਜਾਵੇਗੀ ਪਰ ਭਾਰੀ ਮੀਂਹ ਜਾਰੀ ਰਹੇਗਾ। ਜੇਕਰ ਜੰਮੂ-ਕਸ਼ਮੀਰ ਦੀ ਗੱਲ ਕਰੀਏ ਤਾਂ ਅਗਲੇ 24 ਘੰਟਿਆਂ 'ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।