ਇਮਰਾਨ ਦੀ ਜ਼ਮਾਨਤ ਅਲ ਕਾਦਿਰ ਟਰਸਟ ਭ੍ਰਿਸ਼ਟਾਚਾਰ ਮਾਮਲੇ ’ਚ 3 ਦਿਨ ਵਧਾਈ। 

ਇਮਰਾਨ ਦੀ ਜ਼ਮਾਨਤ ਅਲ ਕਾਦਿਰ ਟਰਸਟ ਭ੍ਰਿਸ਼ਟਾਚਾਰ ਮਾਮਲੇ ’ਚ 3 ਦਿਨ ਵਧਾਈ। 

ਇਸਲਾਮਾਬਾਦ ਹਾਈ ਕੋਰਟ ਨੇ ਅਲ ਕਾਦਿਰ ਟਰਸਟ ਭ੍ਰਿਸ਼ਟਾਚਾਰ ਮਾਮਲੇ ਵਿਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜ਼ਮਾਨਤ ਬੁੱਧਵਾਰ ਨੂੰ 3 ਦਿਨ ਵਧਾ ਦਿੱਤੀ ਅਤੇ ਉਨ੍ਹਾਂ ਨੂੰ ਸਬੰਧਤ ਜਵਾਬਦੇਹੀ ਲਈ ਅਦਾਲਤ ਵਿਚ ਜਾਣ ਦਾ ਨਿਰਦੇਸ਼ ਦਿੱਤਾ।ਇਹ ਹੁਕਮ ਜਸਟਿਸ ਮਿਯਾਂਗੁਲ ਹਸਨ ਔਰੰਗਜ਼ੇਬ ਦੀ ਅਗਵਾਈ ਵਾਲੇ ਬੈਂਚ ਨੇ ਜਾਰੀ ਕੀਤਾ। ਹਾਈ ਕੋਰਟ ਕੰਪਲੈਕਸ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਮਰਾਨ ਖਾਨ ਜਿਥੇ 100 ਤੋਂ ਜ਼ਿਆਦਾ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ, ਉਥੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਤੋਸ਼ਾਖਾਨਾ (ਤੋਹਫਾ) ਅਤੇ ਅਲ ਕਾਦਿਰ ਟਰਸਟ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ। ਅਲ ਕਾਦਿਰ ਟਰਸਟ ਮਾਮਲੇ ਵਿਚ ਦੋਸ਼ ਹੈ ਕਿ ਪੀ. ਟੀ. ਆਈ. ਪ੍ਰਮੁੱਖ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੇ 50 ਅਰਬ ਰੁਪਏ ਨੂੰ ਵੈਧ ਬਣਾਉਣ ਲਈ ਇਕ ਰੀਅਲ ਅਸਟੇਟ ਫਰਮ ਤੋਂ ਅਰਬਾਂ ਰੁਪਏ ਅਤੇ ਜ਼ਮੀਨ ਹਾਸਲ ਕੀਤੀ ਸੀ। ਇਸ ਦਰਮਿਆਨ, ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਨੇ ਅਲ ਕਾਦਿਰ ਟਰਸਟ ਮਾਮਲੇ ਵਿਚ ਬੁਸ਼ਰਾ ਬੀਬੀ ਦੀ ਜ਼ਮਾਨਤ ਪਟੀਸ਼ਨ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਦੇ ਜਾਂਚ ਅਧਿਕਾਰੀ ਮੀਆਂ ਉਮੇਰ ਨਦੀਮ ਦੇ ਇਹ ਕਹਿਣ ਤੋਂ ਬਾਅਦ ਵਿਅਰਥ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ ਬੁਸ਼ਰਾ ਬੀਬੀ ਨੂੰ 31 ਮਈ ਤੱਕ ਲਈ ਜ਼ਮਾਨਤ ਦੇ ਦਿੱਤੀ ਸੀ।

ਪਾਕਿਸਤਾਨ ਦੇ ਸਿਹਤ ਮੰਤਰੀ ਅਬਦੁੱਲ ਕਾਦਿਰ ਪਟੇਲ ਨੇ ਪਿਛਲੇ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੈਡੀਕਲ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਇਸ ਰਿਪੋਰਟ ਵਿਚ ਇਮਰਾਨ ਖਾਨ ਦੇ ਜ਼ਿਆਦਾ ਸ਼ਰਾਬ ਪੀਣ ਅਤੇ ਉਨ੍ਹਾਂ ਦੀ ਮਾਨਸਿਕ ਸਿਹਤ ਅਸਥਿਰ ਹੋਣ ਦੀ ਗੱਲ ਕਹੀ ਗਈ ਹੈ ਪਰ ਉਨ੍ਹਾਂ ਦੇ ਪੈਰ ਵਿਚ ਫ੍ਰੈਕਚਰ ਦੇ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਹੈ। ਇਮਰਾਨ ਖਾਨ ਨੇ ਸਿਹਤ ਮੰਤਰੀ ਅਬਦੁੱਲ ਕਾਦਿਰ ਪਟੇਲ ਨੂੰ ਮਾਣਹਾਨੀ ਦਾ ਨੋਟਿਸ ਭੇਜਣ ਤੋਂ ਬਾਅਦ ਹੁਣ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਈਂਸੇਜ (ਪੀ. ਆਈ. ਐੱਮ. ਐੱਮ.) ਮੈਡੀਕਲ ਬੋਰਡ ਦੇ ਮੁਖੀ ਡਾ. ਰਿਜਵਾਨ ਤਾਜ ਨੂੰ 10 ਅਰਬ ਪਾਕਿਸਤਾਨੀ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਹੈ।