17 ਸਾਲਾਂ ਦਾ ਲੰਬਾ ਇੰਤਜ਼ਾਰ ਖ਼ਤਮ,ਭਾਰਤ ਮੁੜ ਬਣਿਆ T-20 ਵਿਸ਼ਵ ਚੈਂਪੀਅਨ, PM ਮੋਦੀ ਨੇ ਦਿੱਤੀ ਵਧਾਈ

17 ਸਾਲਾਂ ਦਾ ਲੰਬਾ ਇੰਤਜ਼ਾਰ ਖ਼ਤਮ,ਭਾਰਤ ਮੁੜ ਬਣਿਆ T-20 ਵਿਸ਼ਵ ਚੈਂਪੀਅਨ, PM ਮੋਦੀ ਨੇ ਦਿੱਤੀ ਵਧਾਈ

ਭਾਰਤ ਨੇ ICC T20 ਵਿਸ਼ਵ ਕੱਪ ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਦੂਜੀ ਵਾਰ T20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਸਾਲ 2007 ਵਿੱਚ ਵਿਸ਼ਵ ਕੱਪ ਜਿੱਤਿਆ ਸੀ। ਭਾਰਤ ਦੀ ਜਿੱਤ ਦਾ ਹੀਰੋ ਵਿਰਾਟ ਕੋਹਲੀ ਰਿਹਾ, ਜਿਸ ਨੇ 76 ਦੌੜਾਂ ਦੀ ਪਾਰੀ ਖੇਡੀ। ਉਸ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ ਹੈ। ਫਾਈਨਲ ਮੈਚ ਬਹੁਤ ਰੋਮਾਂਚਕ ਰਿਹਾ ਅਤੇ ਭਾਰਤ ਨੇ ਆਖਰੀ ਗੇਂਦ 'ਤੇ ਮੈਚ ਜਿੱਤ ਲਿਆ। 

ਦੱਖਣੀ ਅਫ਼ਰੀਕਾ ਦੀ ਪਾਰੀ ਦਾ 15ਵਾਂ ਓਵਰ ਗੇਂਦਬਾਜ਼ੀ ਕਰਨ ਆਏ ਅਕਸ਼ਰ ਪਟੇਲ ਨੇ ਓਵਰ ਵਿੱਚ 24 ਦੌੜਾਂ ਬਣਾਈਆਂ ਅਤੇ ਇੱਕ ਸਮੇਂ ਹੈਨਰਿਕ ਕਲਾਸੇਨ ਨੇ ਭਾਰਤ ਨੂੰ ਮੈਚ ਵਿੱਚ ਪੂਰੀ ਤਰ੍ਹਾਂ ਬੈਕਫੁੱਟ ਉੱਤੇ ਧੱਕ ਦਿੱਤਾ ਸੀ। 15 ਓਵਰ ਪੂਰੇ ਹੋਣ ਤੋਂ ਬਾਅਦ ਦੱਖਣੀ ਅਫਰੀਕਾ ਨੂੰ ਜਿੱਤ ਲਈ 30 ਗੇਂਦਾਂ 'ਚ 30 ਦੌੜਾਂ ਦੀ ਲੋੜ ਸੀ ਪਰ ਇਸ ਤੋਂ ਬਾਅਦ ਬੁਮਰਾਹ ਨੇ ਆਪਣੇ ਅਗਲੇ ਓਵਰ 'ਚ ਸਿਰਫ ਚਾਰ ਦੌੜਾਂ ਦਿੱਤੀਆਂ। ਮੈਚ ਦੇ 17ਵੇਂ ਓਵਰ ਦੀ ਗੇਂਦਬਾਜ਼ੀ ਕਰਨ ਆਏ ਹਾਰਦਿਕ ਨੇ ਓਵਰ ਦੀ ਪਹਿਲੀ ਹੀ ਗੇਂਦ 'ਤੇ ਕਲਾਸੇਨ ਦਾ ਵਿਕਟ ਲਿਆ ਅਤੇ ਇਸ ਓਵਰ 'ਚ ਸਿਰਫ 4 ਦੌੜਾਂ ਦਿੱਤੀਆਂ।

ਮੈਚ ਦੇ 18ਵੇਂ ਓਵਰ ਦੀ ਗੇਂਦਬਾਜ਼ੀ ਕਰਨ ਆਏ ਬੁਮਰਾਹ ਨੇ ਆਪਣੇ ਸਪੈੱਲ ਦੇ ਆਖਰੀ ਓਵਰ 'ਚ ਸਿਰਫ 2 ਦੌੜਾਂ ਹੀ ਦਿੱਤੀਆਂ ਅਤੇ ਇਸ ਦੌਰਾਨ ਉਸ ਨੇ ਇਕ ਵਿਕਟ ਵੀ ਲਈ। ਇਸ ਸਮੇਂ ਤੱਕ ਭਾਰਤੀ ਟੀਮ ਮੈਚ ਵਿੱਚ ਵਾਪਸੀ ਕਰ ਚੁੱਕੀ ਸੀ। 15, 16, 17 ਓਵਰਾਂ ਸਮੇਤ ਅਫ਼ਰੀਕੀ ਟੀਮ ਸਿਰਫ਼ 10 ਦੌੜਾਂ ਹੀ ਜੋੜ ਸਕੀ। ਮੈਚ ਦੇ 19ਵੇਂ ਓਵਰ ਦੀ ਗੇਂਦਬਾਜ਼ੀ ਕਰਨ ਆਏ ਅਰਸ਼ਦੀਪ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਸਿਰਫ਼ 6 ਦੌੜਾਂ ਦੇ ਕੇ ਮੈਚ ਨੂੰ ਪੂਰੀ ਤਰ੍ਹਾਂ ਰੋਮਾਂਚਕ ਬਣਾ ਦਿੱਤਾ। ਚੈਂਪੀਅਨ ਬਣਨ ਲਈ ਭਾਰਤ ਨੂੰ ਆਖਰੀ ਓਵਰ 'ਚ 16 ਦੌੜਾਂ ਦਾ ਬਚਾਅ ਕਰਨਾ ਪਿਆ ਅਤੇ ਹਾਰਦਿਕ ਨੇ ਸਿਰਫ 8 ਦੌੜਾਂ ਦੇ ਕੇ ਭਾਰਤ ਨੂੰ ਚੈਂਪੀਅਨ ਬਣਾਇਆ।ਭਾਰਤ ਨੇ 2007 'ਚ ਟੀ-20 ਵਿਸ਼ਵ ਕੱਪ ਜਿੱਤਿਆ ਸੀ ਪਰ ਉਸ ਤੋਂ ਬਾਅਦ ਟੀਮ ਇੰਡੀਆ ਕਦੇ ਵੀ ਟੀ-20 ਵਿਸ਼ਵ ਕੱਪ ਨਹੀਂ ਜਿੱਤ ਸਕੀ। ਭਾਰਤ 2014 ਵਿੱਚ ਫਾਈਨਲ ਵਿੱਚ ਪਹੁੰਚਿਆ ਸੀ, ਪਰ ਉੱਥੇ ਹਾਰ ਗਿਆ ਸੀ। 

ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ 'ਤੇ ਵੀਡੀਓ ਸ਼ੇਅਰ ਕਰ ਟੀਮ ਇੰਡੀਆਂ ਨੂੰ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਵੀਡੀਓ ਵਿੱਚ ਕਿਹਾ, ਟੀਮ ਇੰਡੀਆ ਨੂੰ ਇਸ ਸ਼ਾਨਦਾਨ ਜਿੱਤ ਲਈ ਪੂਰੇ ਦੇਸ਼ ਵਾਸੀਆਂ ਵੱਲੋਂ ਬਹੁਤ-ਬਹੁਤ ਵਧਾਈ। ਅੱਜ 140 ਕਰੋੜ ਦੇਸ਼ਵਾਸੀ ਤੁਹਾਡੇ ਇਸ ਸ਼ਾਨਦਾਨ ਪ੍ਰਦਰਸ਼ਨ ਲਈ ਮਾਣ ਮਹਿਸੂਸ ਕਰ ਰਹੇ ਹਨ। ਖੇਡ ਦੇ ਮੈਦਾਨ ਵਿੱਚ ਤੁਸੀਂ ਵਰਲਡ ਕੱਪ ਜਿੱਤਿਆ, ਇਸ ਤੋਂ ਇਲਾਵਾ ਤੁਸੀਂ ਪੂਰੇ ਦੇਸ਼ ਦੇ ਪਿੰਡ, ਗਲੀ, ਮੁਹੱਲੇ, ਸ਼ਹਿਰ ਦੇ ਲੋਕਾਂ ਦਾ ਦਿੱਲ ਜਿੱਤ ਲਿਆ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਇਕ ਵਿਸ਼ੇਸ ਕਾਰਨ ਕਰਕੇ ਵੀ ਯਾਦ ਰੱਖਿਆ ਜਾਵੇਗਾ ਕਿ ਭਾਰਤ ਨੇ ਇਸ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ, ਇਹ ਇੱਕ ਬਹੁਤ ਵੱਡੀ ਉਪਲੱਬਧੀ ਹੈ।