ਮਾਲਦੀਵ ਤੋਂ ਭਾਰਤ ਨੇ ਅਪਣੇ ਸਾਰੇ ਫੌਜੀਆਂ ਨੂੰ ਵਾਪਸ ਬੁਲਾ ਲਿਆ ਹੈ : ਰਾਸ਼ਟਰਪਤੀ ਦੇ ਬੁਲਾਰੇ

ਮਾਲਦੀਵ ਤੋਂ ਭਾਰਤ ਨੇ ਅਪਣੇ ਸਾਰੇ ਫੌਜੀਆਂ ਨੂੰ ਵਾਪਸ ਬੁਲਾ ਲਿਆ ਹੈ : ਰਾਸ਼ਟਰਪਤੀ ਦੇ ਬੁਲਾਰੇ

ਮਾਲਦੀਵ ਸਰਕਾਰ ਨੇ ਕਿਹਾ ਹੈ ਕਿ ਭਾਰਤ ਨੇ ਮਾਲਦੀਵ ਤੋਂ ਅਪਣੇ ਸਾਰੇ ਫੌਜੀਆਂ ਨੂੰ ਵਾਪਸ ਬੁਲਾ ਲਿਆ ਹੈ। ਰਾਸ਼ਟਰਪਤੀ ਮੁਹੰਮਦ ਮੋਇਜੂ ਨੇ ਦੇਸ਼ ਤੋਂ ਸਾਰੇ ਭਾਰਤੀ ਫ਼ੌਜੀਆਂ ਦੀ ਵਾਪਸੀ ਲਈ 10 ਮਈ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਸੀ। ਰਾਸ਼ਟਰਪਤੀ ਨੂੰ ਚੀਨ ਪੱਖੀ ਨੇਤਾ ਮੰਨਿਆ ਜਾਂਦਾ ਹੈ।

ਮਾਲਦੀਵ ’ਚ ਤਾਇਨਾਤ ਕਰੀਬ 90 ਭਾਰਤੀ ਫੌਜੀਆਂ ਦੀ ਵਾਪਸੀ ਮੋਈਜੂ ਦੀ ਚੋਣ ਮੁਹਿੰਮ ਦਾ ਮੁੱਖ ਮੁੱਦਾ ਸੀ। ਰਾਸ਼ਟਰਪਤੀ ਦਫ਼ਤਰ ਦੀ ਮੁੱਖ ਬੁਲਾਰਾ ਹਿਨਾ ਵਲੀਦ ਨੇ ਇਕ ਨਿਊਜ਼ ਪੋਰਟਲ ਨੂੰ ਦਸਿਆ ਕਿ ਮਾਲਦੀਵ ਵਿਚ ਤਾਇਨਾਤ ਭਾਰਤੀ ਫ਼ੌਜੀਆਂ ਦੇ ਆਖਰੀ ਜੱਥੇ ਨੂੰ ਵਾਪਸ ਭੇਜ ਦਿਤਾ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਭਾਰਤੀ ਫ਼ੌਜੀਆਂ ਦੀ ਸਹੀ ਗਿਣਤੀ ਦਾ ਪ੍ਰਗਟਾਵਾ ਨਹੀਂ ਕੀਤਾ। ਵਲੀਦ ਨੇ ਕਿਹਾ ਕਿ ਫ਼ੌਜੀਆਂ ਦੀ ਗਿਣਤੀ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ। 

ਭਾਰਤੀ ਫੌਜ ਦੇ ਜਵਾਨ ਭਾਰਤ ਵਲੋਂ ਤੋਹਫ਼ੇ ਵਜੋਂ ਦਿਤੇ ਗਏ ਦੋ ਹੈਲੀਕਾਪਟਰਾਂ ਅਤੇ ਇਕ ਡੋਰਨੀਅਰ ਜਹਾਜ਼ ਦੇ ਸੰਚਾਲਨ ਅਤੇ ਰੱਖ-ਰਖਾਅ ਲਈ ਮਾਲਦੀਵ ’ਚ ਤੈਨਾਤ ਸਨ। ਇਸ ਤੋਂ ਪਹਿਲਾਂ ਮਾਲਦੀਵ ਸਰਕਾਰ ਨੇ ਐਲਾਨ ਕੀਤਾ ਸੀ ਕਿ ਸੋਮਵਾਰ ਨੂੰ 51 ਫ਼ੌਜੀਆਂ ਨੂੰ ਭਾਰਤ ਵਾਪਸ ਭੇਜ ਦਿਤਾ ਗਿਆ ਹੈ। ਸਰਕਾਰ ਨੇ ਅਧਿਕਾਰਤ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਮਾਲਦੀਵ ’ਚ 89 ਭਾਰਤੀ ਫੌਜੀਆਂ ਦੀ ਮੌਜੂਦਗੀ ਦੀ ਜਾਣਕਾਰੀ ਦਿਤੀ ਸੀ। 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਭਾਰਤੀ ਮੁਲਾਜ਼ਮਾਂ ਦਾ ਪਹਿਲਾ ਅਤੇ ਦੂਜਾ ਬੈਚ ਭਾਰਤ ਵਾਪਸ ਆ ਗਿਆ ਹੈ ਅਤੇ ਹੁਣ ਭਾਰਤੀ ਤਕਨੀਕੀ ਕਰਮਚਾਰੀਆਂ ਨੂੰ ਤਿੰਨ ਭਾਰਤੀ ਹਵਾਬਾਜ਼ੀ ਪਲੇਟਫਾਰਮਾਂ ਦੇ ਸੰਚਾਲਨ ਲਈ ਤਾਇਨਾਤ ਕੀਤਾ ਗਿਆ ਹੈ। ਇਹ ਵਿਕਾਸ ਮਾਲਦੀਵ ਦੇ ਵਿਦੇਸ਼ ਮੰਤਰੀ ਮੂਸਾ ਜਮੀਰ ਦੀ ਭਾਰਤ ਯਾਤਰਾ ਦੇ ਵਿਚਕਾਰ ਹੋਇਆ ਹੈ। ਉਨ੍ਹਾਂ ਨੇ ਵੀਰਵਾਰ ਨੂੰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ।