- Updated: July 26, 2023 01:13 PM
ਦੇਸ਼ ਅੱਜ 24ਵਾਂ 'ਕਾਰਗਿਲ ਵਿਜੈ ਦਿਵਸ' ਮਨਾ ਰਿਹਾ ਹੈ। ਇਹ ਵਿਸ਼ੇਸ਼ ਦਿਨ ਦੇਸ਼ ਦੇ ਬਹਾਦਰ ਸਪੂਤਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਕਈ ਮੁਸ਼ਕਿਲਾਂ ਨੂੰ ਪਾਰ ਕਰਦਿਆਂ 26 ਜੁਲਾਈ 1999 ਨੂੰ ਪਾਕਿਸਤਾਨੀ ਸੈਨਿਕਾਂ ਨੂੰ ਕਾਰਗਿਲ ਤੋਂ ਖਦੇੜ ਕੇ ਚੋਟੀਆਂ 'ਤੇ ਭਾਰਤ ਦਾ ਤਿਰੰਗਾ ਲਹਿਰਾਇਆ ਸੀ। ਹਰ ਸਾਲ 26 ਜੁਲਾਈ ਨੂੰ ਇਸ ਦਿਨ ਨੂੰ ਕਾਰਗਿਲ ਵਿਜੈ ਦਿਵਸ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਕਾਰਗਿਲ ਯੁੱਧ ਦੇ ਇਨ੍ਹਾਂ ਨਾਇਕਾਂ ਦੀ ਕਹਾਣੀ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ।
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੱਦਾਖ 'ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ 1999 ਵਿਚ ਦੇਸ਼ ਦੇ ਜਵਾਨਾਂ ਵੱਲੋਂ ਭਾਰਤ ਦੀ ਰੱਖਿਆ ਲਈ ਜੋ ਬਹਾਦਰੀ ਦਿਖਾਈ ਗਈ, ਉਸ ਨੂੰ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਅੱਜ ਅਸੀਂ ਖੁੱਲ੍ਹੀ ਹਵਾ ਵਿੱਚ ਸਾਹ ਲੈਣ ਦੇ ਯੋਗ ਹਾਂ ਕਿਉਂਕਿ ਸਾਡੇ ਸੈਨਿਕਾਂ ਨੇ ਕਦੇ ਵੀ 0 ਡਿਗਰੀ ਤੋਂ ਘੱਟ ਤਾਪਮਾਨ ਵਿਚ ਆਕਸੀਜਨ ਦੀ ਕਮੀ ਦੇ ਬਾਵਜੂਦ ਆਪਣੀਆਂ ਬੰਦੂਕਾਂ ਨੂੰ ਹੇਠਾਂ ਨਹੀਂ ਰੱਖਿਆ। ਅੱਜ ਕਾਰਗਿਲ ਵਿਚ ਭਾਰਤ ਦਾ ਝੰਡਾ ਲਹਿਰਾਇਆ ਜਾ ਰਿਹਾ ਹੈ ਕਿਉਂਕਿ 1999 ਵਿਚ ਭਾਰਤ ਦੇ ਸੈਨਿਕਾਂ ਨੇ ਆਪਣੀ ਬਹਾਦਰੀ ਦਿਖਾਉਂਦਿਆਂ ਦੁਸ਼ਮਣਾਂ ਦੇ ਸੀਨੇ ਵਿਚ ਤਿਰੰਗਾ ਲਹਿਰਾ ਦਿੱਤਾ ਸੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇ ਅਸੀਂ ਉਸ ਸਮੇਂ LoC ਪਾਰ ਨਹੀਂ ਕੀਤੀ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਐਲਓਸੀ ਪਾਰ ਨਹੀਂ ਕਰ ਸਕਦੇ। ਅਸੀਂ LoC ਨੂੰ ਪਾਰ ਕਰ ਸਕਦੇ ਹਾਂ, ਅਤੇ ਲੋੜ ਪੈਣ 'ਤੇ ਭਵਿੱਖ ਵਿਚ LoC ਨੂੰ ਪਾਰ ਕਰਾਂਗੇ। ਮੈਂ ਦੁਹਰਾਉਣਾ ਚਾਹਾਂਗਾ ਕਿ ਅਸੀਂ LoC ਨੂੰ ਪਾਰ ਕਰ ਸਕਦੇ ਸੀ, ਪਾਰ ਕਰ ਸਕਦੇ ਹਾਂ ਅਤੇ ਲੋੜ ਪੈਣ 'ਤੇ ਭਵਿੱਖ ਵਿਚ ਐਲਓਸੀ ਨੂੰ ਪਾਰ ਕਰਾਂਗੇ; ਮੈਂ ਦੇਸ਼ ਵਾਸੀਆਂ ਨੂੰ ਇਸ ਦਾ ਭਰੋਸਾ ਦਿਵਾਉਂਦਾ ਹਾਂ।
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਲੱਦਾਖ ਦੇ ਦਰਾਸ 'ਚ ਕਾਰਗਿਲ ਵਿਜੈ ਦਿਵਸ ਮੌਕੇ ਕਾਰਗਿਲ ਯੁੱਧ ਸਮਾਰਕ 'ਤੇ ਪਹੁੰਚੇ। ਉਨ੍ਹਾਂ ਨੇ ਕਾਰਗਿਲ ਜੰਗ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।