ਕੈਨੇਡਾ ਨੇ ਨਿੱਝਰ ਕਤਲ ਕਾਂਡ ਬਾਰੇ ਅਜੇ ਤਕ ਖਾਸ ਸਬੂਤ ਤੇ ਜਾਣਕਾਰੀ ਸਾਂਝੀ ਨਹੀਂ ਕੀਤੀ: ਭਾਰਤ

ਕੈਨੇਡਾ ਨੇ ਨਿੱਝਰ ਕਤਲ ਕਾਂਡ ਬਾਰੇ ਅਜੇ ਤਕ ਖਾਸ ਸਬੂਤ ਤੇ ਜਾਣਕਾਰੀ ਸਾਂਝੀ ਨਹੀਂ ਕੀਤੀ: ਭਾਰਤ

ਕੈਨੇਡਾ 'ਚ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ 'ਚ ਤਿੰਨ ਭਾਰਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਕੈਨੇਡੀਅਨ ਪੁਲਿਸ ਦੇ ਬਿਆਨ ਤੋਂ ਕੁੱਝ ਦਿਨ ਬਾਅਦ ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਓਟਾਵਾ ਨੇ ਇਸ ਮਾਮਲੇ 'ਚ ਉਸ ਨੂੰ ਕੋਈ ਖਾਸ ਸਬੂਤ ਜਾਂ ਜਾਣਕਾਰੀ ਨਹੀਂ ਦਿਤੀ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਕੈਨੇਡਾ ਨੇ ਗ੍ਰਿਫਤਾਰੀਆਂ ਬਾਰੇ ਭਾਰਤ ਨੂੰ ਸੂਚਿਤ ਕਰ ਦਿਤਾ ਹੈ। ਉਨ੍ਹਾਂ ਕਿਹਾ, “ਪਹਿਲਾਂ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਕੈਨੇਡੀਅਨ ਅਧਿਕਾਰੀਆਂ ਵਲੋਂ ਅੱਜ ਤਕ ਕੋਈ ਵਿਸ਼ੇਸ਼ ਜਾਂ ਸਬੰਧਿਤ ਸਬੂਤ ਜਾਂ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ”

ਜੈਸਵਾਲ ਨੇ ਅਪਣੀ ਹਫਤਾਵਾਰੀ ਪ੍ਰੈਸ ਕਾਨਫਰੰਸ 'ਚ ਕਿਹਾ, 'ਇਸ ਲਈ ਤੁਸੀਂ ਸਾਡੇ ਵਿਚਾਰ ਨੂੰ ਸਮਝੋਗੇ ਕਿ ਇਸ ਮਾਮਲੇ 'ਚ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ’’ ਪਿਛਲੇ ਹਫਤੇ ਕੈਨੇਡੀਅਨ ਅਧਿਕਾਰੀਆਂ ਨੇ ਨਿੱਜਰ ਦੇ ਕਤਲ ਦਾ ਇਲਜ਼ਾਮ ਤਿੰਨ ਭਾਰਤੀ ਨਾਗਰਿਕਾਂ 'ਤੇ ਲਗਾਇਆ ਸੀ। ਦਸਿਆ ਜਾ ਰਿਹਾ ਹੈ ਕਿ ਉਹ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਵਿਚ ਦਾਖਲ ਹੋਏ ਸਨ।

ਉਨ੍ਹਾਂ ਕਿਹਾ, “ਸਪੱਸ਼ਟ ਹੈ ਕਿ ਸਿਆਸੀ ਹਿੱਤ ਕੰਮ ਕਰ ਰਹੇ ਹਨ। ਅਸੀਂ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ ਵੱਖਵਾਦੀਆਂ, ਕੱਟੜਪੰਥੀਆਂ ਅਤੇ ਹਿੰਸਾ ਦੇ ਸਮਰਥਕਾਂ ਨੂੰ ਕੈਨੇਡਾ ਵਿਚ ਰਾਜਨੀਤਿਕ ਸਥਾਨ ਦਿਤਾ ਗਿਆ ਹੈ। ” ਉਨ੍ਹਾਂ ਕਿਹਾ, “ਸਾਡੇ ਡਿਪਲੋਮੈਟਾਂ ਨੂੰ ਧਮਕੀਆਂ ਦਿਤੀਆਂ ਜਾ ਰਹੀਆਂ ਹਨ ਅਤੇ ਸਜ਼ਾ ਤੋਂ ਛੋਟ ਦੇ ਮੁੱਦੇ 'ਤੇ ਉਨ੍ਹਾਂ ਦੇ ਫਰਜ਼ ਨਿਭਾਉਣ ਤੋਂ ਰੋਕਿਆ ਜਾ ਰਿਹਾ ਹੈ। ”

ਜੈਸਵਾਲ ਨੇ ਕਿਹਾ, “ਅਸੀਂ ਕੈਨੇਡੀਅਨ ਅਧਿਕਾਰੀਆਂ ਨੂੰ ਇਹ ਵੀ ਦਸਿਆ ਹੈ ਕਿ ਭਾਰਤ ਨਾਲ ਜੁੜੇ ਸੰਗਠਿਤ ਅਪਰਾਧ ਨਾਲ ਜੁੜੇ ਲੋਕਾਂ ਨੂੰ ਕੈਨੇਡਾ ਵਿਚ ਦਾਖਲੇ ਅਤੇ ਰਿਹਾਇਸ਼ੀ ਪਰਮਿਟ ਦਿਤੇ ਗਏ ਹਨ। ” ਉਨ੍ਹਾਂ ਕਿਹਾ ਕਿ ਭਾਰਤ ਤੋਂ ਹਵਾਲਗੀ ਦੀਆਂ ਕਈ ਬੇਨਤੀਆਂ ਕੈਨੇਡਾ ਕੋਲ ਵਿਚਾਰ ਅਧੀਨ ਹਨ। ਬੁਲਾਰੇ ਨੇ ਕਿਹਾ ਕਿ ਅਸੀਂ ਇਨ੍ਹਾਂ ਸਾਰੇ ਮਾਮਲਿਆਂ 'ਤੇ ਕੂਟਨੀਤਕ ਪੱਧਰ 'ਤੇ ਚਰਚਾ ਕਰ ਰਹੇ ਹਾਂ।