- Updated: July 14, 2023 06:05 PM
ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਫ਼ਰਾਖ਼ਦਿਲੀ ਦਿਖਾਉਂਦੇ ਹੋਏ ਪਾਕਿਸਤਾਨ ਦੇ 18 ਕੈਦੀਆਂ ਨੂੰ ਰਿਹਾਅ ਕਰ ਕੇ ਉਨ੍ਹਾਂ ਦੇ ਵਤਨ ਪਾਕਿਸਤਾਨ ਭੇਜ ਦਿੱਤਾ। ਇਹ ਕੈਦੀ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵੱਲ ਰਵਾਨਾ ਹੋਏ। ਇਨ੍ਹਾਂ ਕੈਦੀਆਂ ’ਚ ਕੁਝ ਕੈਦੀ ਮਛੇਰੇ ਤੇ ਕੁਝ ਕੈਦੀ ਅਜਿਹੇ ਸਨ ਜੋ ਪਾਕਿ ਦੀ ਸਰਹੱਦ ਰਾਹੀਂ ਭਾਰਤ ’ਚ ਨਾਜਾਇਜ਼ ਤਰੀਕੇ ਨਾਲ ਦਾਖ਼ਲ ਹੋਏ ਸਨ। ਇਸ ਮੌਕੇ ਕੈਦੀਆਂ ਦਾ ਕਹਿਣਾ ਹੈ ਕਿ ਉਹ ਗ਼ਲਤੀ ਨਾਲ ਭਾਰਤੀ ਸਰਹੱਦ ’ਚ ਦਾਖ਼ਲ ਹੋ ਗਏ ਤੇ ਉਨ੍ਹਾਂ ਨੂੰ ਗੁਜਰਾਤ ਪੁਲਿਸ ਨੇ ਫੜ ਲਿਆ ਤੇ ਉਨ੍ਹਾਂ ਨੂੰ ਸਾਢੇ ਪੰਜ ਸਾਲ ਦੀ ਸਜ਼ਾ ਹੋਈ। ਅੱਜ ਉਹ ਆਪਣੀ ਸਜ਼ਾ ਪੂਰੀ ਕਰ ਕੇ ਆਪਣੇ ਵਤਨ ਜਾ ਰਹੇ ਹਨ।
ਭਾਰਤ ਵਿਚ ਗੈਰਕਾਨੂੰਨੀ ਤਰੀਕੇ ਨਾਲ ਪਹੁੰਚੇ ਕਰਾਚੀ ਦੇ ਅਨੀਫ ਖਾਨ ਨੇ ਦਸਿਆ ਕਿ ਉਸ ਦਾ ਵਿਆਹ ਨੂੰ 10 ਸਾਲ ਹੋ ਗਏ ਸਨ, ਕੋਈ ਔਲਾਦ ਨਹੀਂ ਹੋਈ। ਇਸ ਲਈ ਉਸ ਨੇ ਭਾਰਤ ਆਉਣ ਦਾ ਫੈਸਲਾ ਕੀਤਾ। ਪਾਕਿਸਤਾਨੀ ਨਾਗਰਿਕਾਂ ਨੂੰ ਨੇਪਾਲ ਪਹੁੰਚਣ 'ਤੇ ਵੀਜ਼ਾ ਮਿਲਦਾ ਹੈ। ਇਸੇ ਲਈ ਉਹ ਸਿੱਧਾ ਨੇਪਾਲ ਆਇਆ ਅਤੇ ਉਥੋਂ ਭਾਰਤੀ ਸਰਹੱਦ ਵਿਚ ਦਾਖ਼ਲ ਹੋ ਗਿਆ।ਉਹ ਭਾਰਤ ਵਿਚ ਖਵਾਜਾਜੀ ਦੀ ਦਰਗਾਹ 'ਤੇ ਆਇਆ, ਪਰ ਫੜਿਆ ਗਿਆ। ਜਦੋਂ ਉਹ ਫੜਿਆ ਗਿਆ ਤਾਂ ਉਸ ਦੀ ਉਮਰ 50 ਸਾਲ ਸੀ, ਹੁਣ ਉਹ 57 ਸਾਲ ਦੀ ਹੈ।ਅਨੀਫ਼ ਨੇ ਦਸਿਆ ਕਿ 7 ਸਾਲ ਪਹਿਲਾਂ ਭਾਰਤ ਆਉਣ ਤੋਂ ਬਾਅਦ ਉਸ ਦੀ ਰਿਹਾਈ ਦੋ ਵਾਰ ਰੋਕ ਦਿਤੀ ਗਈ ਸੀ। ਪਹਿਲਾ ਪੁਲਵਾਮਾ ਹਮਲਾ ਹੋਇਆ। ਜਿਸ ਤੋਂ ਬਾਅਦ ਦੋਵੇਂ ਸਰਕਾਰਾਂ ਨੇ ਇੱਕ ਦੂਜੇ ਨਾਲ ਗੱਲ ਕਰਨੀ ਬੰਦ ਕਰ ਦਿਤੀ। ਗੱਲ ਇੱਥੇ ਹੀ ਨਹੀਂ ਰੁਕੀ। ਇਸ ਤੋਂ ਬਾਅਦ ਸਾਲ 2020 ਵਿਚ ਕੋਰੋਨਾ ਆਇਆ ਅਤੇ ਬਾਰਡਰ ਸੀਲ ਕਰ ਦਿਤੇ ਗਏ। ਆਖਿਰਕਾਰ ਹੁਣ 7 ਸਾਲ ਬਾਅਦ ਉਸ ਦੀ ਰਿਹਾਈ ਹੋ ਰਹੀ ਹੈ। ਇਹ ਉਨ੍ਹਾਂ ਸਾਰੇ 18 ਲੋਕਾਂ ਦੀ ਕਹਾਣੀ ਹੈ ਜੋ ਸਾਲਾਂ ਬਾਅਦ ਆਪਣੇ ਪ੍ਰਵਾਰਾਂ ਨਾਲ ਦੁਬਾਰਾ ਮਿਲ ਜਾਣਗੇ।