ਪੰਜਾਬੀ ਨੌਜਵਾਨ ਨੂੰ ਆਸਟ੍ਰੇਲੀਆ ''ਚ ਜੈਸਮੀਨ ਕੌਰ ਦੇ ਕਤਲ ਦੇ ਜੁਰਮ ''ਚ ਸੁਣਾਈ ਗਈ ਉਮਰਕੈਦ। 

ਪੰਜਾਬੀ ਨੌਜਵਾਨ ਨੂੰ ਆਸਟ੍ਰੇਲੀਆ ''ਚ ਜੈਸਮੀਨ ਕੌਰ ਦੇ ਕਤਲ ਦੇ ਜੁਰਮ ''ਚ ਸੁਣਾਈ ਗਈ ਉਮਰਕੈਦ। 

ਆਸਟ੍ਰੇਲੀਆ 'ਚ 21 ਸਾਲਾ ਭਾਰਤੀ ਵਿਦਿਆਰਥਣ ਦਾ 2021 'ਚ ਕਤਲ ਕਰ ਦਿੱਤਾ ਗਿਆ ਸੀ, ਜਿਸ ਨੂੰ ਉਸ ਦੇ ਸਾਬਕਾ ਬੁਆਏਫ੍ਰੈਂਡ ਨੇ 'ਬਦਲੇ ਦੀ ਕਾਰਵਾਈ' ਤਹਿਤ ਜ਼ਿੰਦਾ ਦਫ਼ਨਾ ਦਿੱਤਾ ਸੀ। ਇਸ ਮਾਮਲੇ 'ਚ ਸਾਹਮਣੇ ਆਏ ਨਵੇਂ ਵੇਰਵਿਆਂ ਅਨੁਸਾਰ ਇਹ ਖੁਲਾਸਾ ਹੋਇਆ। ਹੁਣ ਅਦਾਲਤ ਨੇ ਦੋਸ਼ੀ ਨੂੰ ਸਜ਼ਾ ਸੁਣਾਈ ਹੈ। ਜੈਸਮੀਨ ਕੌਰ ਦਾ 23 ਸਾਲ ਦੇ ਤਾਰਿਕਜੋਤ ਸਿੰਘ ਨੇ 2021 ਵਿੱਚ ਉੱਤਰੀ ਪਲਿਮਪਟਨ ਵਿੱਚ ਉਸਦੇ ਕੰਮ ਵਾਲੀ ਥਾਂ ਤੋਂ ਪਿੱਛਾ ਕੀਤਾ ਅਤੇ ਉਸ ਨੂੰ ਅਗਵਾ ਕਰ ਲਿਆ ਸੀ। ਫਿਰ ਉਸਨੂੰ ਫਲਿੰਡਰਜ਼ ਰੇਂਜ ਵਿੱਚ ਲਿਜਾਇਆ ਗਿਆ, ਜਿੱਥੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਜ਼ਿੰਦਾ ਹੋਣ ਦੇ ਬਾਵਜੂਦ ਇੱਕ ਖੋਖਲੀ ਕਬਰ ਵਿੱਚ ਦਫ਼ਨਾ ਦਿੱਤਾ ਗਿਆ। ਪੀੜਤਾ ਦੀ ਮਾਂ ਅਨੁਸਾਰ ਤਾਰਿਕਜੋਤ, ਜਿਸ ਨੇ ਇਸ ਸਾਲ ਫਰਵਰੀ ਵਿੱਚ ਕਤਲ ਦਾ ਦੋਸ਼ ਕਬੂਲ ਕੀਤਾ ਸੀ, ਜੈਸਮੀਨ ਦਾ ਦੀਵਾਨਾ ਸੀ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। 

              Image

ਏਬੀਸੀ ਨਿਊਜ਼ ਅਨੁਸਾਰ ਬੁੱਧਵਾਰ ਨੂੰ ਦੱਖਣੀ ਆਸਟ੍ਰੇਲੀਆਈ ਸੁਪਰੀਮ ਕੋਰਟ ਵਿੱਚ ਸਜ਼ਾ ਸੁਣਾਉਂਦੇ ਹੋਏ ਸਰਕਾਰੀ ਵਕੀਲ ਕਾਰਮੇਨ ਮੈਟੀਓ ਐਸਸੀ ਨੇ ਕਿਹਾ ਕਿ ਜੈਸਮੀਨ ਨੂੰ 5 ਮਾਰਚ, 2021 ਨੂੰ ਉਸ ਦੀ ਕੰਮ ਵਾਲੀ ਥਾਂ ਤੋਂ ਸਿੰਘ ਦੁਆਰਾ ਅਗਵਾ ਕੀਤੇ ਜਾਣ ਤੋਂ ਬਾਅਦ "ਤਸ਼ੱਦਦ" ਕੀਤਾ ਗਿਆ। ਅਦਾਲਤ ਨੇ ਸੁਣਿਆ ਕਿ ਨਰਸਿੰਗ ਦੀ ਵਿਦਿਆਰਥਣ ਨੂੰ ਤਾਰਿਕਜੋਤ ਦੁਆਰਾ ਅਗਵਾ ਕੀਤੇ ਜਾਣ ਤੋਂ ਬਾਅਦ ਟੇਪ ਅਤੇ ਕੇਬਲ ਨਾਲ ਬੰਨ੍ਹ ਦਿੱਤਾ ਅਤੇ ਫਿਰ ਅੱਖਾਂ 'ਤੇ ਪੱਟੀ ਬੰਨ੍ਹ ਕੇ ਉਸ ਨੂੰ ਹੋਸ਼ ਵਿੱਚ ਹੁੰਦੇ ਹੋਏ ਜ਼ਿੰਦਾ ਦਫ਼ਨਾ ਦਿੱਤਾ। ਤਾਰਿਕਜੋਤ ਦੇ ਜੁਰਮ ਦੇ ਵੇਰਵਿਆਂ ਦੀ ਜਾਣਕਾਰੀ ਦਿੰਦੇ ਹੋਏ ਮੱਤੀਓ ਨੇ ਅਦਾਲਤ ਨੂੰ ਦੱਸਿਆ ਕਿ ਉਸਨੇ ਜੈਸਮੀਨ ਦੇ ਗਲੇ 'ਤੇ "ਡੂੰਘੇ" ਕੱਟ ਲਗਾਏ, ਪਰ ਉਹ ਉਸਦੀ ਮੌਤ ਦਾ ਕਾਰਨ ਨਹੀਂ ਬਣੇ। ਪੋਸਟਮਾਰਟਮ ਰਿਪੋਰਟ ਨੇ ਦਿਖਾਇਆ ਕਿ ਜੈਸਮੀਨ ਦੀ ਮੌਤ 6 ਮਾਰਚ, 2021 ਨੂੰ ਹੋਈ ਸੀ। ਇਹ ਇੱਕ ਕਤਲ ਸੀ ਜੋ ਬਦਲੇ ਦੀ ਕਾਰਵਾਈ ਵਜੋਂ ਕੀਤਾ ਗਿਆ ਸੀ। 

ਕਤਲ ਤੋਂ ਕੁਝ ਘੰਟੇ ਪਹਿਲਾਂ ਤਾਰਿਕਜੋਤ ਇੱਕ ਹਾਰਡਵੇਅਰ ਸਟੋਰ ਤੋਂ ਦਸਤਾਨੇ, ਕੇਬਲ ਤਾਰ ਅਤੇ ਇੱਕ ਬੇਲਚਾ ਖਰੀਦਦਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਸੀ। ਅਦਾਲਤ ਨੇ ਸੁਣਿਆ ਕਿ ਉਸਨੇ ਕਤਲ ਦੀ ਯੋਜਨਾ ਬਣਾਈ ਕਿਉਂਕਿ ਉਹ ਆਪਣਾ ਰਿਸ਼ਤਾ ਟੁੱਟਣ ਮਗਰੋਂ ਇਸ ਸਥਿਤੀ ਤੋਂ ਉਭਰਨ ਵਿੱਚ ਅਸਮਰੱਥ ਸੀ। ਤਾਰਿਕਜੋਤ ਦੀ ਨੁਮਾਇੰਦਗੀ ਕਰਨ ਵਾਲੇ ਮਾਰਟਿਨ ਐਂਡਰਸ ਨੇ ਕਿਹਾ ਕਿ ਰਿਸ਼ਤਾ ਟੁੱਟਣ ਦੇ ਦਰਦ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਸੀ। ਪਰ ਜਸਟਿਸ ਐਡਮ ਕਿੰਬਰ ਨੇ ਕਿਹਾ ਕਿ ਜੈਸਮੀਨ ਵੱਲੋਂ ਅਸਵੀਕਾਰ ਕੀਤੇ ਜਾਣ ਮਗਰੋਂ ਤਾਰਿਕਜੋਤ ਉਸ ਨੂੰ ਸਜ਼ਾ ਦੇ ਰਿਹਾ ਸੀ"। ਜਸਟਿਸ ਐਡਮ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਜਿਸ ਵਿਚ ਅਗਲੇ ਮਹੀਨੇ ਗੈਰ-ਪੈਰੋਲ ਦੀ ਮਿਆਦ ਨਿਰਧਾਰਤ ਕੀਤੀ ਜਾਵੇਗੀ। ਦੱਖਣੀ ਆਸਟ੍ਰੇਲੀਆ ਵਿੱਚ ਕਤਲ ਲਈ ਲਾਜ਼ਮੀ ਘੱਟੋ-ਘੱਟ 20 ਸਾਲ ਦੀ ਗੈਰ-ਪੈਰੋਲ ਮਿਆਦ ਲਾਜ਼ਮੀ ਹੁੰਦੀ ਹੈ।