- Updated: October 28, 2026 05:38 PM
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਸਾਂਸਦ ਚਰਨਜੀਤ ਸਿੰਘ ਚੰਨੀ ਅੱਜ ਮਾਨਸਾ ਜ਼ਿਲ੍ਹੇ ਪਹੁੰਚੇ। ਇਸ ਮੌਕੇ CM ਚਰਨਜੀਤ ਚੰਨੀ ਨੇ ਕਿਹਾ ਕਿਪਰਵਿੰਦਰ ਝੋਟਾ ਇੱਕ ਕ੍ਰਾਂਤੀਕਾਰੀ ਬੰਦਾ ਸੀ, ਜਿਸਨੇ ਨਸ਼ਿਆਂ ਨੂੰ ਖਤਮ ਕਰਨ ਲਈ ਆਪਣੀ ਮੁਹਿੰਮ ਵਿੱਢੀ ਤੇ ਆਪਣੀ ਜਾਨ ਦਾਅ ‘ਤੇ ਲਗਾ ਕੇ ਸ਼ਹੀਦੀ ਪਾਈ। ਹੁਣ ਝੋਟੇ ਦਾ ਬਾਪੂ ਪੰਜਾਬ ਦੀ ਜਵਾਨੀ ਬਚਾਉਣ ਦੀ ਲੜਾਈ ਲੜ ਰਿਹਾ ਹੈ। ਪੰਜਾਬੀਓ ਜਾਗ ਜਾਓ ਹਾਲੇ ਵੀ ਸਮਾਂ ਹੈ, ਸਾਨੂੰ ਸਭ ਨੂੰ ਇਕੱਠੇ ਹੋਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪਵੇਗਾ। ਰਾਜਨੀਤੀ ਨੂੰ ਛੱਡ ਕੇ ਇੱਕ ਹੀ ਟੀਚਾ ਰੱਖੋ ਕਿ ਅਸੀਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਹੈ। ਝੋਟੇ ਦੇ ਪਰਿਵਾਰ ਤੇ ਕਮੇਟੀ ਨੇ ਜੋ ਵੀ ਮੰਗਾਂ ਰੱਖੀਆਂ ਨੇ ਅਸੀਂ ਉਸ ਦੇ ਨਾਲ ਖੜ੍ਹੇ ਹਾਂ। ਸਾਰੀਆਂ ਯੂਨੀਅਨਾਂ ਤੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਇਕਜੁੱਟ ਹੋ ਜਾਓ। ਕਾਂਗਰਸ ਹਰ ਤਰੀਕੇ ਨਾਲ ਪਰਵਿੰਦਰ ਝੋਟਾ ਦੇ ਪਰਿਵਾਰ ਦੇ ਨਾਲ ਖੜ੍ਹੀ ਹੈ ਜਿਸ ਵੀ ਪਰਿਵਾਰ ਦੇ ਨਾਲ ਧੱਕਾ ਹੁੰਦਾ ਹੈ ਕਾਂਗਰਸ ਉਸ ਦੇ ਨਾਲ ਹੈ। ਜਿੱਥੇ ਵੀ ਕੋਈ ਤਸ਼ੱਦਦ ਹੋਵੇਗਾ ਅਸੀਂ ਉੱਥੇ ਖੜ੍ਹਾਂਗੇ।
ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਮ੍ਰਿਤਕ ਦਲਜੀਤ ਸਿੰਘ ਦੇ ਘਰ ਗਏ। ਇਥੇ ਉਨ੍ਹਾਂ ਨੇ ਹੁਣੇ ਜਿਹੇ ਸ਼ੱਕੀ ਹਾਲਾਤਾਂ ਵਿਚ ਜਾਨ ਗੁਆਉਣ ਵਾਲੇ ਮ੍ਰਿਤਕ ਦਲਜੀਤ ਸਿੰਘ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ। ਇਸ ਮੁਲਾਕਾਤ ਦੌਰਾਨ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਸਾਬਕਾ ਮੁੱਖ ਮੰਤਰੀ ਬੀਤੇ ਦਿਨ ਦੀ ਘਟਨਾ ਬਾਰੇ ਦੱਸਿਆ।