ਕਾਨਪੁਰ ''ਚ ਜਹਾਜ਼ ਧਮਾਕਾ ਹੋਣ ਮਗਰੋਂ ਕ੍ਰੈਸ਼ ਹੋਇਆ , ਦੋਵੇਂ ਪਾਇਲਟਾਂ ਦੀ ਹੋਈ ਮੌਤ

ਕਾਨਪੁਰ ''ਚ ਜਹਾਜ਼ ਧਮਾਕਾ ਹੋਣ ਮਗਰੋਂ ਕ੍ਰੈਸ਼ ਹੋਇਆ , ਦੋਵੇਂ ਪਾਇਲਟਾਂ ਦੀ ਹੋਈ ਮੌਤ

ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਵੀਰਵਾਰ ਦੁਪਹਿਰ ਨੂੰ ਉਡਾਣ ਭਰ ਰਿਹਾ ਇੱਕ ਦੋ ਇੰਜਣਾਂ ਵਾਲਾ ਚਾਰ-ਸੀਟਰ ਸਿਖਲਾਈ ਜਹਾਜ਼ ਅਚਾਨਕ ਕਰੈਸ਼ ਹੋ ਗਿਆ। ਗੰਗਾ ਨਦੀ ਦੇ ਕੰਢੇ ਨੇੜੇ ਹੋਏ ਜ਼ੋਰਦਾਰ ਧਮਾਕੇ ਮਗਰੋਂ ਜਹਾਜ਼ ਕਰੈਸ਼ ਹੋ ਕੇ ਹੇਠਾਂ ਖੇਤਾਂ ਵਿਚ ਡਿੱਗ ਗਿਆ। ਇਸ ਭਿਆਨਕ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਇੱਕ ਇੰਸਟ੍ਰਕਟਰ ਪਾਇਲਟ ਅਤੇ ਇੱਕ ਸਿਖਲਾਈ ਪਾਇਲਟ ਦੀ ਦਰਦਨਾਕ ਮੌਤ ਹੋ ਗਈ। ਪੁਲਸ ਮੁਤਾਬਕ ਜਹਾਜ਼ ਨੇ ਗਰਗ ਐਵੀਏਸ਼ਨ ਟਰੇਨਿੰਗ ਸੈਂਟਰ ਤੋਂ ਸਵੇਰੇ 11:30 ਵਜੇ ਉਡਾਣ ਭਰੀ ਸੀ, ਜੋ ਵਾਪਸੀ ਦੌਰਾਨ ਕਰੀਬ 11:50 ਵਜੇ ਕਰੈਸ਼ ਹੋ ਗਿਆ।

ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚ ਪੁਲਸ ਨੇ ਕਾਰਵਾਈ ਕਰਦੇ ਹੋਏ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਜਹਾਜ਼ ਹਾਦਸੇ ਦੀ ਆਵਾਜ਼ ਸੁਣ ਕੇ ਨੇੜਲੇ ਪਿੰਡਾਂ ਦੇ ਲੋਕ ਘਬਰਾ ਗਏ, ਜਿਸ ਨਾਲ ਹਫ਼ੜਾ-ਦਫ਼ੜੀ ਮਚ ਗਈ। ਚਸ਼ਮਦੀਦਾਂ ਦੇ ਅਨੁਸਾਰ ਇਹ ਦੋਹਰੇ ਇੰਜਣ ਵਾਲਾ ਸਿਖਲਾਈ ਜਹਾਜ਼ ਅਚਾਨਕ ਤੇਜ਼ ਆਵਾਜ਼ ਨਾਲ ਖੇਤਾਂ ਵਿੱਚ ਡਿੱਗ ਪਿਆ। ਕਾਨਪੁਰ ਦੇ ਪੁਲਸ ਕਮਿਸ਼ਨਰ ਰਘੂਵੀਰ ਲਾਲ ਨੇ ਮੌਤਾਂ ਦੀ ਪੁਸ਼ਟੀ ਕੀਤੀ ਅਤੇ ਮ੍ਰਿਤਕਾਂ ਦੀ ਪਛਾਣ ਗੁਜਰਾਤ ਦੇ ਰਹਿਣ ਵਾਲੇ ਇੰਸਟ੍ਰਕਟਰ ਪਾਇਲਟ ਸਚਿਨ ਭਾਟੀਆ ਅਤੇ ਕਰਨਾਟਕ ਦੇ ਰਹਿਣ ਵਾਲੇ ਟਰੇਨੀ ਪਾਇਲਟ ਅਭਿਸ਼ੇਕ ਪੁਜਾਰੀ ਵਜੋਂ ਕੀਤੀ। ਉਨ੍ਹਾਂ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਅਤੇ ਉਹ ਇਸ ਘਟਨਾ ਦੀ ਵਿਸਥਾਰਤ ਜਾਂਚ ਕਰਨਗੇ।