- Updated: September 02, 2024 04:08 PM
ਜੰਮੂ-ਕਸ਼ਮੀਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਭਵਨ ਰੋਡ 'ਤੇ ਪੰਚੀ ਹੈਲੀਪੈਡ ਨੇੜੇ ਅੱਜ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਹਾਦਸੇ ਵਿੱਚ ਤਿੰਨੋਂ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਕੁਝ ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਹਾਦਸੇ ਤੋਂ ਤੁਰੰਤ ਬਾਅਦ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ।
ਕਈ ਸ਼ਰਧਾਲੂਆਂ ਦੇ ਅਜੇ ਵੀ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਦੱਸ ਦਈਏ ਕਿ ਵੈਸ਼ਨੋ ਦੇਵੀ 'ਚ ਪਿਛਲੇ ਦੋ ਦਿਨਾਂ ਤੋਂ ਭਾਰੀ ਬਾਰਿਸ਼ ਹੋ ਰਹੀ ਸੀ, ਜਿਸ ਨੂੰ ਜ਼ਮੀਨ ਖਿਸਕਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਸਥਾਨਕ ਲੋਕਾਂ ਮੁਤਾਬਕ ਖ਼ਰਾਬ ਮੌਸਮ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਇੱਥੇ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਇਹ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਹਿਮਕੋਟ ਵਿੱਚ ਬਚਾਅ ਕਾਰਜ ਅਜੇ ਵੀ ਜਾਰੀ ਹੈ।
ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਆਫਤ ਪ੍ਰਬੰਧਨ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਪਟੜੀ 'ਤੇ ਡਿੱਗਿਆ ਮਲਬਾ ਦੇਖਿਆ ਜਾ ਸਕਦਾ ਹੈ। ਬੋਰਡ ਨੇ ਕਿਹਾ ਕਿ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਮਾਰਗ 'ਤੇ ਪੱਥਰ ਡਿੱਗਣ ਅਤੇ ਜ਼ਮੀਨ ਖਿਸਕਣ ਦੀ ਘਟਨਾ ਹੋਈ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੀ ਆਫ਼ਤ ਪ੍ਰਬੰਧਨ ਟੀਮ ਮੌਕੇ 'ਤੇ ਪਹੁੰਚ ਗਈ ਹੈ।