ਪੰਜਾਬ ਵਿੱਚ 3 ਦਿਨਾਂ ਦਾ ਅਲਰਟ! 5 ਦਿਨਾਂ ਦੀ ਮੌਸਮ ਅਪਡੇਟ, ਇਸ ਦਿਨ ਹੋਵੇਗੀ ਬਾਰਿਸ਼

ਪੰਜਾਬ ਵਿੱਚ 3 ਦਿਨਾਂ ਦਾ ਅਲਰਟ! 5 ਦਿਨਾਂ ਦੀ ਮੌਸਮ ਅਪਡੇਟ, ਇਸ ਦਿਨ ਹੋਵੇਗੀ ਬਾਰਿਸ਼

ਪੰਜਾਬ ਵਿਚ ਇਕ ਵਾਰ ਫਿਰ ਤੋਂ ਸੀਤ ਲਹਿਰ ਦਾ ਕਹਿਰ ਵੇਖਣ ਨੂੰ ਮਿਲੇਗਾ। ਦਰਅਸਲ ਬੀਤੇ ਦਿਨੀਂ ਸੂਬੇ 'ਚ ਕਈ ਥਾਂਵਾਂ 'ਤੇ ਭਾਰੀ ਗੜ੍ਹੇਮਾਰੀ, ਮੀਂਹ ਅਤੇ ਚੱਲੀਆਂ ਤੇਜ਼ ਠੰਡੀਆਂ ਹਵਾਵਾਂ ਕਾਰਨ ਮੁੜ ਮੌਸਮ ਨੇ ਕਰਵਟ ਲਈ ਹੈ, ਜਿਸ ਕਾਰਨ ਵੱਖ-ਵੱਖ ਹਿੱਸਿਆਂ 'ਚ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਉਥੇ ਹੀ ਅਗਲੇ ਦਿਨਾਂ ਲਈ ਮੌਸਮ ਵਿਭਾਗ ਨੇ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਅੱਜ ਤੋਂ ਲੈ ਕੇ 1 ਫਰਵਰੀ ਤੱਕ ਯਾਨੀ 5 ਦਿਨਾਂ ਦੀ ਤਾਜ਼ਾ ਜਾਣਕਾਰੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਪੰਜਾਬ ਵਿਚ 31 ਜਨਵਰੀ ਨੂੰ ਫਿਰ ਮੌਸਮ ਵਿਚ ਬਦਲਾਅ ਵੇਖਣ ਨੂੰ ਮਿਲੇਗਾ ਅਤੇ 1 ਫਰਵਰੀ ਨੂੰ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। 

ਉਥੇ ਹੀ ਮੌਸਮ ਵਿਭਾਗ ਵੱਲੋਂ ਵੀ ਅਗਲੇ ਤਿੰਨ ਦਿਨਾਂ ਲਈ ਸੂਬੇ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 30 ਜਨਵਰੀ ਤੱਕ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।  ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ 28, 29 ਅਤੇ 30 ਜਨਵਰੀ ਤਕ ਸੂਬੇ ਵਿਚ ਸੰਘਣੀ ਧੁੰਦ ਰਹੇਗੀ। 31 ਜਨਵਰੀ ਅਤੇ 1 ਫਰਵਰੀ ਨੂੰ ਵੱਖ-ਵੱਖ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ, ਜਦਕਿ 2 ਫਰਵਰੀ ਨੂੰ ਸੂਬੇ ਦੇ ਕੁਝ ਇਲਾਕਿਆਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੱਸਿਆ ਗਿਆ ਹੈ ਕਿ ਅਗਲੇ ਦੋ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ।

ਮੌਸਮ ਵਿਭਾਗ ਵੱਲੋਂ ਦਿੱਤੀ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 1 ਫਰਵਰੀ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ, ਨਵਾਂਸ਼ਹਿਰ, ਕਪੂਰਥਲਾ, ਜਲੰਧਰ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਬਾਰਿਸ਼ ਦੇ ਨਾਲ-ਨਾਲ ਬਿਜਲੀ ਚਮਕਣ ਅਤੇ ਹਨ੍ਹੇਰੀ-ਤੂਫ਼ਾਨ ਦੀ ਭਵਿੱਖਬਾਣੀ ਕੀਤੀ ਗਈ ਹੈ। 

ਪੰਜਾਬ 'ਚ ਮੀਂਹ ਅਤੇ ਗੜੇਮਾਰੀ ਕਾਰਨ ਵੱਧ ਤੋਂ ਵੱਧ ਤਾਪਮਾਨ 3.1 ਡਿਗਰੀ ਘੱਟ ਗਿਆ ਹੈ। ਤਾਪਮਾਨ ਹੁਣ ਆਮ ਨਾਲੋਂ ਲਗਭਗ 4.9 ਡਿਗਰੀ ਘੱਟ ਹੈ, ਜਿਸ ਨਾਲ ਠੰਡ ਹੋਰ ਵੀ ਤੇਜ਼ ਹੋ ਗਈ ਹੈ। ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਦਰਜ ਕੀਤਾ ਗਿਆ, ਜਦਕਿ ਲੁਧਿਆਣਾ ਵਿੱਚ ਸਭ ਤੋਂ ਘੱਟ ਤਾਪਮਾਨ 7.7 ਡਿਗਰੀ ਦਰਜ ਕੀਤਾ ਗਿਆ।