ਪੰਜਾਬ ਦੀ ਸਿਆਸਤ ''ਚ ਵੱਡੀ ਫ਼ੇਰ ਬਦਲ ,MP ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਭਾਜਪਾ ਵਿਚ ਹੋਏ ਸ਼ਾਮਲ

ਪੰਜਾਬ ਦੀ ਸਿਆਸਤ ''ਚ ਵੱਡੀ ਫ਼ੇਰ ਬਦਲ ,MP ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਭਾਜਪਾ ਵਿਚ ਹੋਏ ਸ਼ਾਮਲ

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਸਨ।

ਭਾਜਪਾ ਵਿਚ ਸ਼ਾਮਲ ਹੋਣ ਮਗਰੋਂ ਸੁਸ਼ੀਲ ਰਿੰਕੂ ਨੇ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬੇ ਅਤੇ ਪੂਰਾ ਦੇਸ਼ ਵਿਕਾਸ ਪੱਖੋਂ ਅੱਗੇ ਵਧ ਰਿਹਾ ਹੈ ਪਰ ਪੰਜਾਬ ਬਹੁਤ ਪਿੱਛੇ ਰਹਿ ਗਿਆ। ਜ਼ਿਮਨੀ ਚੋਣ ਵਿਚ ਕੀਤੇ ਵਾਅਦਿਆਂ ਉਤੇ ਮੈਂ ਖਰਾ ਨਹੀਂ ਉਤਰ ਸਕਿਆ ਕਿਉਂਕਿ ਮੇਰੀ ਸਰਕਾਰ ਨੇ ਮੇਰੀ ਪਿੱਠ ਉਤੇ ਹੱਥ ਨਹੀਂ ਰੱਖਿਆ। ਬਹੁਤੇ ਕੰਮ ਸ਼ੁਰੂ ਹੀ ਨਹੀਂ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਕੋਈ ਨਿੱਜੀ ਲਾਲਚ ਨਹੀਂ, ਮੈਂ ਸਿਰਫ਼ ਜਲੰਧਰ ਦੀ ਬਿਹਤਰੀ ਲਈ ਇਹ ਕੋਸ਼ਿਸ਼ ਕੀਤੀ ਹੈ। ਮੈਨੂੰ ਉਮੀਦ ਹੈ ਕਿ ਜਲੰਧਰ ਦੇ ਲੋਕ ਜ਼ਰੂਰ ਮਾਣ ਬਖ਼ਸ਼ਣਗੇ।

ਇਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ- ਦਿੱਲੀ ਦੀ ਸੱਭ ਤੋਂ ਵੱਡੀ ਸਮੱਸਿਆ ਕੂੜੇ ਦਾ ਪਹਾੜ ਹੈ। ਜਲੰਧਰ ਵਿਚ ਵੀ ਕੂੜੇ ਦੇ ਪਹਾੜਾਂ ਦੀ ਅਜਿਹੀ ਹੀ ਸਮੱਸਿਆ ਹੈ। ਇਸ ਸਮੱਸਿਆ ਦੇ ਹੱਲ ਦੇ ਵਾਅਦੇ ਨਾਲ ਰਿੰਕੂ ਨੂੰ ‘ਆਪ’ ਵਿਚ ਸ਼ਾਮਲ ਕੀਤਾ ਗਿਆ ਸੀ ਪਰ ਅਜਿਹਾ ਨਾ ਤਾਂ ਜਲੰਧਰ ਵਿਚ ਹੋ ਸਕਿਆ ਅਤੇ ਨਾ ਹੀ ਦਿੱਲੀ ਵਿਚ। ਜਲੰਧਰ ਦੀ ਹਾਲਤ ਨੂੰ ਦੇਖਦੇ ਹੋਏ ਉਹ ਅੱਜ ਭਾਜਪਾ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੈਨੂੰ ਰਿੰਕੂ ਨਾਲ ਦੁਬਾਰਾ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ ਕਿਉਂਕਿ ਮੈਂ ਰਿੰਕੂ ਨਾਲ ਕਾਂਗਰਸ ਵਿਚ ਵੀ ਕੰਮ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੀ ਆਬਕਾਰੀ ਨੀਤੀ ਨੂੰ ਲੈ ਕੇ ਸਵਾਲ ਚੁੱਕੇ।

ਇਸ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਮੈਂ ਜਲੰਧਰ ਰਹਿੰਦਿਆਂ ਦੋ ਸਾਲ ਆਮ ਆਦਮੀ ਪਾਰਟੀ ਨਾਲ ਕੰਮ ਕੀਤਾ। ਹਰ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਰਕਾਰ ਨੇ ਮੈਨੂੰ ਅਜਿਹਾ ਨਹੀਂ ਕਰਨ ਦਿਤਾ। ਮੈਂ ਕਾਫ਼ੀ ਨਿਰਾਸ਼ ਸੀ। ਇਸੇ ਲੜੀ ਤਹਿਤ ਜਦੋਂ ਮੈਂ ਭਾਜਪਾ ਦੇ ਮੰਤਰੀਆਂ ਤੋਂ ਮਦਦ ਮੰਗੀ ਤਾਂ ਉਨ੍ਹਾਂ ਨੇ ਮੇਰੀ ਗੱਲ ਸੁਣੀ ਅਤੇ ਸ਼ਹਿਰ ਦੇ ਕੰਮ ਵੀ ਕਰਵਾਏ।

ਉਨ੍ਹਾਂ ਕਿਹਾ, ‘ਆਦਮਪੁਰ ਹਵਾਈ ਅੱਡੇ ਦਾ ਕੰਮ ਹੋਵੇ ਜਾਂ ਜਲੰਧਰ ਵਿਚ ਬਣੇ ਰੇਲਵੇ ਫਾਟਕਾਂ ਦਾ ਕੰਮ। ਮੈਂ ਕੇਂਦਰੀ ਮੰਤਰੀਆਂ ਦੀ ਮਦਦ ਨਾਲ ਮੈਂ ਸਾਰਾ ਕੰਮ ਕਰਵਾਇਆ ਹੈ। ਕੇਂਦਰ ਦੀਆਂ ਇਨ੍ਹਾਂ ਨੀਤੀਆਂ ਨੂੰ ਦੇਖਦੇ ਹੋਏ ਮੈਂ ਭਾਜਪਾ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ’। ਉਨ੍ਹਾਂ ਕਿਹਾ- ਅਸੀਂ ਜਲੰਧਰ ਦੇ ਸੁਧਾਰ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਇਸ ਤੋਂ ਪਹਿਲਾਂ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਆਮ ਆਦਮੀ ਪਾਰਟੀ ਛੱਡ ਦਿਤੀ। ਇਸ ਗੱਲ ਦਾ ਐਲਾਨ ਉਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਲਿਖਿਆ ਕਿ ਮੈਂ ਆਮ ਆਦਮੀ ਪਾਰਟੀ 'ਚ ਅਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਅਸਤੀਫਾ ਦੇ ਰਿਹਾ ਹਾਂ।

ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਸੰਸਦ ਮੈਂਬਰ ਸਨ ਅਤੇ ਪਾਰਟੀ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਇਸ ਸੀਟ ਤੋਂ ਉਮੀਦਵਾਰ ਬਣਾਇਆ ਸੀ। ਪਿਛਲੇ ਦਿਨਾਂ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ, ਮੌਜੂਦਾ ਸੰਸਦ ਮੈਂਬਰ ਅਤੇ ਵਿਧਾਇਕ ਵੀ ਪਾਰਟੀ ਛੱਡ ਚੁੱਕੇ ਹਨ। ਬੀਤੇ ਦਿਨ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਭਾਜਪਾ ਵਿਚ ਸ਼ਾਮਲ ਹੋਏ ਫਤਿਹਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੇਪੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਜਦਕਿ ਸੰਸਦ ਮੈਂਬਰ ਪ੍ਰਨੀਤ ਕੌਰ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਵਿਧਾਇਕ ਰਾਜ ਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ।