- Updated: October 28, 2024 07:09 PM
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਪੇਨ ਦੇ ਹਮਰੁਤਬਾ ਪੇਡਰੋ ਸਾਂਚੇਜ਼ ਨੇ ਸੋਮਵਾਰ ਨੂੰ ਵਡੋਦਰਾ ’ਚ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਉਦਘਾਟਨ ਕੀਤਾ, ਜੋ ਫੌਜੀ ਜਹਾਜ਼ ਬਣਾਉਣ ਵਾਲੀ ਭਾਰਤ ਦੀ ਪਹਿਲੀ ਨਿੱਜੀ ਇਕਾਈ ਹੈ, ਜਿੱਥੇ ਸੀ295 ਜਹਾਜ਼ਾਂ ਦਾ ਨਿਰਮਾਣ ਕੀਤਾ ਜਾਵੇਗਾ।
ਭਾਰਤ ਅਤੇ ਸਪੇਨ ਵਿਚਾਲੇ ਭਾਈਵਾਲੀ ਨੂੰ ਨਵੀਂ ਦਿਸ਼ਾ ਦੇਣ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਹ ਪ੍ਰਾਜੈਕਟ ਨਾ ਸਿਰਫ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰੇਗਾ ਬਲਕਿ ‘ਮੇਕ ਇਨ ਇੰਡੀਆ, ਮੇਕ ਫਾਰ ਦਿ ਵਰਲਡ’ ਮਿਸ਼ਨ ਨੂੰ ਵੀ ਹੁਲਾਰਾ ਦੇਵੇਗਾ। ਮੋਦੀ ਨੇ ਏਅਰਬੱਸ ਅਤੇ ਟਾਟਾ ਟੀਮ ਨੂੰ ਸ਼ੁਭਕਾਮਨਾਵਾਂ ਦਿਤੀਆਂ ਅਤੇ ਮਰਹੂਮ ਰਤਨ ਟਾਟਾ ਨੂੰ ਸ਼ਰਧਾਂਜਲੀ ਵੀ ਦਿਤੀ।
ਏਅਰਬੱਸ ਸੀ295 ਇਕ ਦਰਮਿਆਨਾ ਰਣਨੀਤਕ ਆਵਾਜਾਈ ਜਹਾਜ਼ ਹੈ ਜੋ ਸ਼ੁਰੂ ’ਚ ਸਪੇਨ ਦੀ ਏਅਰੋਸਪੇਸ ਕੰਪਨੀ ਕਾਸਾ ਵਲੋਂ ਡਿਜ਼ਾਈਨ ਅਤੇ ਨਿਰਮਾਣ ਕੀਤਾ ਗਿਆ ਸੀ, ਜੋ ਹੁਣ ਯੂਰਪੀਅਨ ਬਹੁਕੌਮੀ ਏਅਰਬੱਸ ਡਿਫੈਂਸ ਐਂਡ ਸਪੇਸ ਡਿਵੀਜ਼ਨ ਦਾ ਹਿੱਸਾ ਹੈ। ਸੀ295 ਦੀ ਵਰਤੋਂ ਮੈਡੀਕਲ ਐਮਰਜੈਂਸੀ, ਆਫ਼ਤ ਪ੍ਰਤੀਕਿਰਿਆ ਅਤੇ ਸਮੁੰਦਰੀ ਗਸ਼ਤ ਕਾਰਜਾਂ ’ਚ ਫਸੇ ਲੋਕਾਂ ਨੂੰ ਕੱਢਣ ਲਈ ਵੀ ਕੀਤੀ ਜਾ ਸਕਦੀ ਹੈ।ਮੋਦੀ ਅਤੇ ਸਾਂਚੇਜ਼ ਨੇ ਯੂਨਿਟ ਦੀ ਸ਼ੁਰੂਆਤ ਦੇ ਮੌਕੇ ’ਤੇ ਪ੍ਰਦਰਸ਼ਿਤ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ।
ਮੋਦੀ ਨੇ ਕਿਹਾ ਕਿ ਸੀ295 ਜਹਾਜ਼ ਫੈਕਟਰੀ ਨਵੇਂ ਭਾਰਤ ਦੇ ਨਵੇਂ ਕਾਰਜ ਸਭਿਆਚਾਰ ਦਾ ਪ੍ਰਤੀਬਿੰਬ ਹੈ। ਉਨ੍ਹਾਂ ਕਿਹਾ ਕਿ ਇਸ ਫੈਕਟਰੀ ’ਚ ਵਿਚਾਰ ਤੋਂ ਲੈ ਕੇ ਕਿਸੇ ਵੀ ਪ੍ਰਾਜੈਕਟ ਨੂੰ ਲਾਗੂ ਕਰਨ ਤਕ ਭਾਰਤ ਦੀ ਗਤੀ ਵੇਖੀ ਜਾ ਸਕਦੀ ਹੈ, ਜਿਸ ਦਾ ਨੀਂਹ ਪੱਥਰ ਅਕਤੂਬਰ 2022 ’ਚ ਰੱਖਿਆ ਗਿਆ ਸੀ।ਪ੍ਰਾਜੈਕਟਾਂ ਦੀ ਯੋਜਨਾਬੰਦੀ ਅਤੇ ਲਾਗੂ ਕਰਨ ’ਚ ਬੇਲੋੜੀ ਦੇਰੀ ਨੂੰ ਖਤਮ ਕਰਨ ’ਤੇ ਜ਼ੋਰ ਦਿੰਦਿਆਂ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਵਡੋਦਰਾ ’ਚ ਬੰਬਾਰਡੀਅਰ ਰੇਲ ਕੋਚ ਨਿਰਮਾਣ ਸੁਵਿਧਾ ਦੀ ਸਥਾਪਨਾ ਨੂੰ ਯਾਦ ਕੀਤਾ।
ਮੋਦੀ ਨੇ ਕਿਹਾ ਕਿ ਉਸ ਫੈਕਟਰੀ ਵਿਚ ਬਣੇ ਮੈਟਰੋ ਕੋਚਾਂ ਦਾ ਨਿਰਯਾਤ ਕੀਤਾ ਜਾ ਰਿਹਾ ਹੈ ਅਤੇ ਭਰੋਸਾ ਪ੍ਰਗਟਾਇਆ ਕਿ ਸੋਮਵਾਰ ਨੂੰ ਉਦਘਾਟਨ ਕੀਤੀ ਗਈ ਫੈਕਟਰੀ ਵਿਚ ਬਣੇ ਜਹਾਜ਼ਾਂ ਦਾ ਵੀ ਨਿਰਯਾਤ ਕੀਤਾ ਜਾਵੇਗਾ। ਮੋਦੀ ਨੇ ਸਪੇਨ ਦੇ ਕਵੀ ਐਂਟੋਨੀਓ ਮਚਾਡੋ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਅਸੀਂ ਟੀਚੇ ਵਲ ਕਦਮ ਵਧਾਉਂਦੇ ਹਾਂ ਤਾਂ ਟੀਚੇ ਵਲ ਜਾਣ ਦਾ ਰਸਤਾ ਅਪਣੇ ਆਪ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਰੱਖਿਆ ਨਿਰਮਾਣ ਈਕੋਸਿਸਟਮ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ 10 ਸਾਲ ਪਹਿਲਾਂ ਠੋਸ ਕਦਮ ਨਾ ਚੁਕੇ ਗਏ ਹੁੰਦੇ ਤਾਂ ਇਸ ਟੀਚੇ ਤਕ ਪਹੁੰਚਣਾ ਅਸੰਭਵ ਹੁੰਦਾ।
ਹੁਨਰ ਅਤੇ ਰੋਜ਼ਗਾਰ ਸਿਰਜਣ ’ਤੇ ਜ਼ੋਰ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਟਾਟਾ-ਏਅਰਬੱਸ ਫੈਕਟਰੀ ਵਰਗੇ ਪ੍ਰਾਜੈਕਟਾਂ ਨਾਲ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ। ਇਹ ਫੈਕਟਰੀ 18,000 ਜਹਾਜ਼ਾਂ ਦੇ ਪੁਰਜ਼ਿਆਂ ਦੇ ਸਵਦੇਸ਼ੀ ਨਿਰਮਾਣ ’ਚ ਸਹਾਇਤਾ ਕਰੇਗੀ, ਜਿਸ ਨਾਲ ਪੂਰੇ ਭਾਰਤ ’ਚ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐਮ.ਐਸ.ਐਮ.ਈ.) ਲਈ ਵੱਡੇ ਮੌਕੇ ਖੁੱਲ੍ਹਣਗੇ।
ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਸੀ295 ਪ੍ਰੋਗਰਾਮ ਤਹਿਤ 56 ਜਹਾਜ਼ ਬਣਾਏ ਜਾਣੇ ਹਨ, ਜਿਨ੍ਹਾਂ ਵਿਚੋਂ 16 ਸਿੱਧੇ ਸਪੇਨ ਤੋਂ ਏਅਰਬੱਸ ਵਲੋਂ ਸਪਲਾਈ ਕੀਤੇ ਜਾ ਰਹੇ ਹਨ ਅਤੇ ਬਾਕੀ 40 ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਵਲੋਂ ਭਾਰਤ ਵਿਚ ਬਣਾਏ ਜਾਣੇ ਹਨ।