- Updated: September 07, 2024 04:39 PM
ਪਿੰਡ ਸੁਨੇਤ ਵਿਖੇ ਇਕ ਪਰਿਵਾਰ ’ਤੇ ਹਥਿਆਰਬੰਦ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ, ਜਦੋਂਕਿ 2 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਦਾ ਨਾਂ ਗੁਰਵਿੰਦਰ ਸਿੰਘ ਹੈ, ਜਦਕਿ ਜ਼ਖ਼ਮੀਆਂ ’ਚ ਕਾਲਾ ਸਿੰਘ ਅਤੇ ਵੀਰਪਾਲ ਸਿੰਘ ਸ਼ਾਮਲ ਹਨ। ਇਸ ਮਾਮਲੇ ’ਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਕਾਲਾ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਸ਼ੰਮੀ, ਹਰਦੀਪ ਸਿੰਘ, ਗਗਨਦੀਪ ਸਿੰਘ, ਕਾਲਾ ਸਿੰਘ ਅਤੇ ਜੱਗਾ ਖਿਲਾਫ ਕਤਲ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲਸ ਸ਼ਿਕਾਇਤ ’ਚ ਕਾਲਾ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਲੜਕਾ ਕੁਲਦੀਪ ਸਿੰਘ ਘਰ ਤੋਂ ਕੁਝ ਦੂਰੀ ’ਤੇ ਆਪਣੇ ਇਕ ਦੋਸਤ ਨਾਲ ਗੱਲ ਕਰ ਰਿਹਾ ਸੀ। ਇਸੇ ਦੌਰਾਨ ਹਥਿਆਰਬੰਦ ਮੁਲਜ਼ਮ ਆ ਗਏ, ਜਿਨ੍ਹਾਂ ਨੇ ਰੰਜਿਸ਼ਨ ਉਸ ਦੇ ਲੜਕੇ ’ਤੇ ਹਮਲਾ ਕਰ ਦਿੱਤਾ। ਉਸ ਨੇ ਮੌਕੇ ’ਤੇ ਪਹੁੰਚ ਕੇ ਲੜਾਈ ਖਤਮ ਕਰਵਾਈ ਅਤੇ ਆਪਣੇ ਬੇਟੇ ਨਾਲ ਘਰ ਪੁੱਜਾ ਪਰ ਮੁਲਜ਼ਮ ਵੀ ਉਨ੍ਹਾਂ ਦਾ ਪਿੱਛਾ ਕਰ ਕੇ ਉਥੇ ਪਹੁੰਚ ਗਏ।
ਮੁਲਜ਼ਮਾਂ ਨੇ ਘਰ ’ਚ ਦਾਖ਼ਲ ਹੋ ਕੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਉਸ ’ਤੇ ਅਤੇ ਉਸ ਦੇ ਪੁੱਤਰਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਬੇਟੇ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਸੀ. ਐੱਮ. ਸੀ. ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੇ ਲੜਕੇ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ।
ਦੂਜੇ ਪਾਸੇ ਥਾਣਾ ਸਰਾਭਾ ਨਗਰ ਦੇ ਐੱਸ. ਐੱਚ. ਓ. ਇੰਸ. ਪਵਨ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ ’ਚ ਸ਼ੰਮੀ, ਹਰਦੀਪ ਸਿੰਘ, ਗਗਨਦੀਪ ਸਿੰਘ, ਕਾਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਜੱਗਾ ਹਾਲੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ।