ਜੂਏ ਦੇ ਪੈਸਿਆਂ ਨੂੰ ਲੈ ਕੇ ਨੌਜਵਾਨਾਂ ਵਿਚਾਲੇ ਹੋਈ ਸੀ ਬਹਿਸ ਜਿਸ ਦੇ ਚੱਲਦੇ ਸਿਰਫ 200 ਰੁਪਏ ਪਿੱਛੇ ਨੌਜਵਾਨ ਦਾ ਹੋਇਆ ਕਤਲ

ਜੂਏ ਦੇ ਪੈਸਿਆਂ ਨੂੰ ਲੈ ਕੇ ਨੌਜਵਾਨਾਂ ਵਿਚਾਲੇ ਹੋਈ ਸੀ ਬਹਿਸ ਜਿਸ ਦੇ ਚੱਲਦੇ ਸਿਰਫ 200 ਰੁਪਏ ਪਿੱਛੇ ਨੌਜਵਾਨ ਦਾ ਹੋਇਆ ਕਤਲ

ਰਾਏਕੋਟ ਨੇੜੇ ਜਗਰਾਉਂ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਵਿਚ ਜੂਏ ਦੇ ਪੈਸਿਆਂ ਨੂੰ ਲੈ ਕੇ ਕੁੱਝ ਨੌਜਵਾਨਾਂ ਵਿਚਕਾਰ ਹੋਈ ਝੜਪ ਨੇ ਖੂਨੀ ਰੂਪ ਧਾਰਨ ਕਰ ਲਿਆ। ਇਸ ਦੌਰਾਨ ਇਕ 21 ਸਾਲਾ ਨੌਜਵਾਨ ਦੀ ਜਾਨ ਚਲੀ ਗਈ। ਦਰਅਸਲ ਜਗਰਾਉਂ ਦੀ ਪੁਰਾਣੀ ਦਾਣਾ ਮੰਡੀ ਵਿਚ ਪੱਲੇਦਾਰ ਵਜੋਂ ਕੰਮ ਕਰਦਾ ਸਮਸ਼ੇਰ ਸਿੰਘ ਉਰਫ਼ ਲੱਕੀ ਜੱਟੂ ਐਤਵਾਰ ਦੀ ਰਾਤ ਕੁੱਝ ਲੋਕਾਂ ਨਾਲ ਤਾਸ਼ ਖੇਡਣ ਲੱਗ ਪਿਆ।

ਇਸ ਦੌਰਾਨ ਲਵੀਸ਼ ਪੰਡਿਤ ਅਤੇ ਉਸ ਦੇ ਕੁੱਝ ਹੋਰਨਾਂ ਸਾਥੀਆਂ ਨੇ ਸਮਸ਼ੇਰ ’ਤੇ ਜੂਏ ਦੇ 200 ਰੁਪਏ ਚੁੱਕਣ ਦਾ ਇਲਜ਼ਾਮ ਲਗਾ ਕੇ ਝਗੜਾ ਸ਼ੁਰੂ ਕਰ ਦਿਤਾ। ਇਸ ਦੌਰਾਨ ਲੋਕਾਂ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕੀਤਾ ਅਤੇ ਰਾਤ ਨੂੰ ਸਾਰੇ ਆਪੋ ਅਪਣੇ ਘਰ ਚਲੇ ਗਏ। ਅੱਜ ਸਵੇਰੇ 10 ਵਜੇ ਦੇ ਕਰੀਬ ਜਦੋਂ ਸ਼ਮਸ਼ੇਰ ਦਾਣਾ ਮੰਡੀ ਅਪਣੇ ਕੰਮ ਉਤੇ ਆਇਆ ਤਾਂ ਲਵੀਸ਼ ਪੰਡਿਤ ਤੇ ਉਸ ਦੇ ਕੁੱਝ ਸਾਥੀਆਂ ਨੇ ਉਸ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿਤੀ। ਇਸ ਝਗੜੇ ਦੌਰਾਨ ਉਸ ਉਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਅਤੇ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।

ਉਕਤ ਸਾਰੀ ਘਟਨਾ ਦਾਣਾ ਮੰਡੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸਬੰਧੀ ਗੱਲ ਕਰਦਿਆਂ ਮ੍ਰਿਤਕ ਦੇ ਭਰਾ ਅਤੇ ਮਾਂ ਨੇ ਦਸਿਆ ਕਿ ਉਨ੍ਹਾਂ ਨੂੰ ਲੜਾਈ ਹੋਣ ਦੇ ਕਾਰਨਾਂ ਬਾਰੇ ਕੁੱਝ ਨਹੀਂ ਪਤਾ। ਇਸ ਮੌਕੇ ਐਸਪੀ ਪਰਮਿੰਦਰ ਸਿੰਘ ਨੇ ਦਸਿਆ ਕਿ ਇਸ ਲੜਾਈ ਵਿਚ ਇਕ ਨੌਜਵਾਨ ਦਾ ਕਤਲ ਹੋ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਅਤੇ ਜਲਦੀ ਹੀ ਕਤਲ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਲਵੀਸ਼ ਪੰਡਿਤ ਅਤੇ ਉਸ ਦਾ ਪਰਵਾਰ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਕੁੱਝ ਸਾਲਾਂ ਤੋਂ ਜਗਰਾਉਂ ਵਿਖੇ ਰਹਿ ਕੇ ਕੰਮ ਕਰ ਰਹੇ ਸਨ।