- Updated: December 10, 2025 11:45 AM
ਹਾਲ ਹੀ ਦੇ ਵਿਚ ਨਵਜੋਤ ਕੌਰ ਸਿੱਧੂ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਸਿਆਸਤ ਵਿਚ ਹਲਚਲ ਮਚ ਗਈ ਹੈ। ਨਵਜੋਤ ਕੌਰ ਸਿੱਧੂ ਵੱਲੋਂ ਦਿੱਤੇ ਇਸ ਵਿਵਾਦਿਤ ਬਿਆਨ ‘ਤੇ ਅੰਮ੍ਰਿਤਸਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਮਿੱਠੂ ਮਦਾਨ ਨੇ ਵੀ ਬਿਆਨਬਾਜ਼ੀ ਕੀਤੀ ਸੀ ਜਿਸ ਦਾ ਜਵਾਬ ਹੁਣ ਨਵਜੋਤ ਕੌਰ ਸਿੱਧੂ ਵੱਲੋਂ ਦਿੱਤਾ ਗਿਆ ਹੈ।
ਨਵਜੋਤ ਕੌਰ ਸਿੱਧੂ ਨੇ ਮਿੱਠੂ ਮਦਾਨ ਨੂੰ ਗਲਤ ਬਿਆਨਬਾਜ਼ੀ ਲਈ ਕਾਨੂੰਨੀ ਨੋਟਿਸ ਭੇਜਿਆ ਹੈ । ਉਨ੍ਹਾਂ ਨੋਟਿਸ ਵਿਚ ਕਿਹਾ ਹੈ ਕਿ ਮਿੱਠੂ ਮਦਾਨ ਵੱਲੋਂ ਦਿੱਤਾ ਗਿਆ ਬਿਆਨ ਝੂਠਾ, ਗੁੰਮਰਾਹਕੁੰਨ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਇਸ ਨੂੰ ਜਨਤਕ ਅਕਸ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਦੱਸਿਆ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਟਿੱਪਣੀ ਸਿਆਸੀ ਮਰਿਆਦਾ ਦੇ ਖ਼ਿਲਾਫ਼ ਹੈ। ਨੋਟਿਸ ਵਿਚ ਨਵਜੋਤ ਕੌਰ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਮਿੱਠੂ ਮਦਾਨ ਅਗਲੇ 7 ਦਿਨਾਂ ਦੇ ਅੰਦਰ ਬਿਨਾਂ ਸ਼ਰਤ ਜਨਤਕ ਤੌਰ ‘ਤੇ ਮਾਫੀ ਮੰਗਣ ਤੇ ਜੇਕਰ ਉਹ ਅਜਿਹਾ ਨਹੀਂ ਕਰਨਗੇ ਤਾਂ ਉਨ੍ਹਾਂ ਖਿਲਾਫ ਮਾਨਹਾਣੀ ਦਾ ਕੇਸ ਦਰਜ ਕੀਤਾ ਜਾਵੇਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਬੀਤੇ ਦਿਨੀਂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੀ ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦਾ ਜਵਾਬ ਵੀ ਨਵਜੋਤ ਕੌਰ ਸਿੱਧੂ ਵੱਲੋਂ ਨੋਟਿਸ ਵਿਚ ਦਿੱਤਾ ਗਿਆ ਹੈ। ਨੋਟਿਸ ਵਿਚ ਉਨ੍ਹਾਂ ਨੇ ਕਈ ਸਵਾਲ ਸੁਖਜਿੰਦਰ ਰੰਧਾਵਾ ‘ਤੇ ਖੜ੍ਹੇ ਕੀਤੇ ਹਨ। ਹਾਲ ਹੀ ਵਿਚ ਦਿੱਤੇ ਬਿਆਨ ਵਿਚ ਜਿਸ ਵਿਚ ਉਨ੍ਹਾਂ ਵੱਲੋਂ 500 ਕਰੋੜ ਦੇ ਅਟੈਚੀ ਦਾ ਜ਼ਿਕਰ ਕੀਤਾ ਗਿਆ ਹੈ, ਉਸ ਦੇ ਬਿਆਨ ਲੈ ਕੇ ਕਈ ਲੀਗਲ ਨੋਟਿਸ ਜਾਰੀ ਕੀਤੇ ਗਏ ਹਨ।