- Updated: September 03, 2026 06:30 PM
ਪੰਜਾਬ ’ਚ ਭਾਜਪਾ ਵੱਲੋਂ ਕਿਸੇ ਵੀ ਰਾਜਨੀਤਿਕ ਦਲ ਨਾਲ ਨਹੀਂ ਸਗੋਂ ਲੋਕਾਂ ਨਾਲ ਗਠਜੋੜ ਦੀ ਸੰਭਾਵਨਾ ਹੈ। ਉਕਤ ਵਿਚਾਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਨੂਰਪੁਰਬੇਦੀ ਦੇ ਪਿੰਡ ਲਖਣੋਂ ਸਥਿਤ ਮਹੰਤ ਉਮੇਦ ਗਿਰੀ ਜੀ ਮਹਾਰਾਜ ਦੇ ਡੇਰੇ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਆਖਿਆ ਕਿ ਕਿਸੇ ਸਮੇਂ ਪੰਜਾਬ ਦੇਸ਼ ਦਾ ਨੰਬਰ ਇਕ ਸੂਬਾ ਕਹਾਉਂਦਾ ਸੀ ਪਰ ਰਾਜਨੀਤਿਕ ਖਿੱਚੋਤਾਣ ਦੇ ਚਲਦਿਆਂ ਇਹ ਵਿਕਾਸ ਪੱਖੋਂ ਪਿਛੜ ਕੇ ਰਹਿ ਗਿਆ ਹੈ, ਜਿਸ ਕਰਕੇ ਪੰਜਾਬ ਦੇ ਲੋਕ ਹੁਣ ਸੂਬੇ ਦੇ ਵਿਕਾਸ ਲਈ ਭਾਜਪਾ ਦੀ ਡਬਲ ਇੰਜਨ ਸਰਕਾਰ ਨੂੰ ਸੱਤਾ ’ਚ ਵੇਖਣ ਲਈ ਮਨ ਬਣਾ ਚੁੱਕੇ ਹਨ। ਮੁੱਖ ਮੰਤਰੀ ਸੈਣੀ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਦੇਸ਼ ਭਰ ’ਚ ਲਾਮਿਸਾਲ ਕਾਰਜ ਕਰਵਾਏ ਜਾ ਰਹੇ ਹਨ, ਜਿਸ ਕਰਕੇ ਜਨਤਾ ਦਾ ਭਾਜਪਾ ’ਚ ਲਗਾਤਾਰ ਵਿਸ਼ਵਾਸ ਵਧਦਾ ਜਾ ਰਿਹਾ ਹੈ।
ਇਕ ਸਵਾਲ ਦੇ ਜਵਾਬ ’ਚ ਮੁੱਖ ਮੰਤਰੀ ਸੈਣੀ ਨੇ ਆਖਿਆ ਕਿ ਭਾਜਪਾ ਆਪਣੇ ਬਲਬੂਤੇ ’ਤੇ ਪੰਜਾਬ ’ਚ ਸਰਕਾਰ ਬਣਾਏਗੀ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਨੂੰ ਪ੍ਰਗਤੀ ਦੀਆਂ ਲੀਹਾਂ ’ਤੇ ਲਿਜਾਇਆ ਜਾ ਰਿਹਾ ਹੈ ਅਤੇ ਇਸੇ ਲੜੀ ਤਹਿਤ ਪੰਜਾਬ ’ਚ ਵੀ ਭਾਜਪਾ ਵੱਲੋਂ ਤੇਜ਼ੀ ਨਾਲ ਵਿਕਾਸ ਕਾਰਜ ਕਰਵਾ ਕੇ ਇਸ ਨੂੰ ਮੁੜ ਖ਼ਸ਼ਹਾਲ ਸੂਬਾ ਬਣਾਇਆ ਜਾਵੇਗਾ। ਉਨ੍ਹਾਂ ਹਰਿਆਣਾ ’ਚ ਕਰਵਾਏ ਗਏ ਲੋਕ ਸੇਵਾ ਦੇ ਕਾਰਜਾਂ ਦੀ ਮਿਸਾਲ ਪੇਸ਼ ਕਰਦਿਆਂ ਆਖਿਆ ਕਿ ਉਹ ਮੁੱਖ ਮੰਤਰੀ ਦੇ ਨਾਲ-ਨਾਲ ਵਿੱਤ ਮੰਤਰੀ ਦਾ ਵੀ ਕਾਰਜਭਾਰ ਵੇਖ ਰਹੇ ਹਨ, ਜਿਸ ਤਹਿਤ ਉਨ੍ਹਾਂ ਵੱਲੋਂ ਲਏ ਗਏ 217 ਸੰਕਲਪਾਂ ਵਿੱਚੋਂ ਹਰਿਆਣਾ ਸਰਕਾਰ ਨੇ ਇਕ ਸਾਲ ਦੌਰਾਨ 70 ਸੰਕਲਪਾਂ ਨੂੰ ਪੂਰਾ ਕਰਕੇ ਵਿਖਾਇਆ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਬਜਟ ਦੌਰਾਨ ਮਹਿਲਾਵਾਂ ਲਈ ਸਰਕਾਰ ਵੱਲੋਂ ਪੰਜ ਹਜ਼ਾਰ ਕਰੋੜ ਦੀ ਰਾਸ਼ੀ ਰਿਜ਼ਰਵ ਰੱਖੀ ਗਈ ਸੀ, ਜਿਸ ਤਹਿਤ ਔਰਤਾਂ ਨੂੰ 2100 ਰੁਪਏ ਦੀ ਰਾਸ਼ੀ ਦੇਣ ਦਾ ਸੰਕਲਪ ਪੂਰਾ ਕੀਤਾ ਗਿਆ। ਇਸੇ ਤਹਿਤ ਪਹਿਲੇ 15 ਮਹੀਨਿਆਂ ਦੌਰਾਨ 2000 ਕਰੋੜ ਤੋਂ ਵੱਧ ਪੈਸੇ ਉਨਾਂ ਦੇ ਖਾਤਿਆਂ ’ਚ ਭੇਜੇ ਗਏ। ਇਸ ਤੋਂ ਇਲਾਵਾ ਇਕ ਹੋਰ ਸੰਕਲਪ ਤਹਿਤ ਜਿਨ੍ਹਾਂ ਪਰਿਵਾਰਾਂ ਦੀ ਆਮਦਨ ਇਕ ਲੱਖ 80 ਹਜ਼ਾਰ ਰੁਪਏ ਤੋਂ ਘੱਟ ਹੈ, ਉਨ੍ਹਾਂ ਦੀ ਰਸੋਈ ਲਈ ਵੀ 500 ਰੁਪਏ ਦਾ ਸਿਲੰਡਰ ਭੇਜਣ ਦਾ ਆਪਣਾ ਸੰਕਲਪ ਪੂਰਾ ਕੀਤਾ ਗਿਆ, ਜਿਸ ’ਤੇ 300 ਕਰੋੜ ਰੁਪਏ ਦੀ ਰਾਸ਼ੀ ਡੇਢ ਸਾਲਾਂ ’ਚ ਖਰਚ ਕੀਤੀ ਗਈ।
ਇਸ ਦੌਰਾਨ ਇਕ ਹੋਰ ਸੰਕਲਪ ਦੀ ਗੱਲ ਕਰਦੇ ਉਨ੍ਹਾਂ ਆਖਿਆ ਕਿ ਹਰਿਆਣਾ ਸੂਬੇ ’ਚ ਮਰੀਜ਼ਾਂ ਦਾ ਡਾਇਲਸਿਸ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ, ਜਿਸ ਦਾ ਹੁਣ ਤੱਕ 2 ਲੱਖ ਤੋਂ ਵੀ ਵੱਧ ਲੋਕ ਲਾਭ ਹਾਸਲ ਕਰ ਚੁੱਕੇ ਹਨ। ਕਿਸਾਨਾਂ ਦੀ ਗੱਲ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਆਖਿਆ ਕਿ ਹਰਿਆਣਾ ਦੇਸ਼ ਦਾ ਇਕ ਮਾਤਰਾ ਅਜਿਹਾ ਸੂਬਾ ਹੈ, ਜੋ ਕਿਸਾਨਾਂ ਨੂੰ ਉਨਾਂ ਦੀ ਪੈਦਾਵਾਰ ਦੇ ਕੁਦਰਤੀ ਆਫਤ ਦੀ ਭੇਂਟ ਚੜ੍ਹਨ ’ਤੇ ਨਾ ਸਿਰਫ਼ ਮੁਆਵਜ਼ਾ ਹੀ ਦਿੰਦਾ ਹੈ, ਸਗੋਂ ਕਿਸਾਨਾਂ ਦੀ ਫ਼ਸਲ ਨੂੰ ਵੀ ਐੱਮ. ਐੱਸ. ਪੀ. 'ਤੇ ਖ਼ਰੀਦਦਾ ਹੈ। ਹਰਿਆਣਾ ’ਚ ਲਗਾਤਾਰ ਤੀਸਰੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ ਅਤੇ ਬੀਤੇ 12 ਸਾਲਾਂ ਦੌਰਾਨ ਹਰਿਆਣਾ ਸਰਕਾਰ ਵੱਲੋਂ ਕੁਦਰਤੀ ਆਫ਼ਤ ਦੀ ਭੇਂਟ ਚੜ੍ਹੀ ਫਸਲ ਲਈ 1650 ਕਰੋੜ ਦਾ ਮੁਆਵਜ਼ਾ ਵੰਡਿਆ ਜਾ ਚੁੱਕਾ ਹੈ, ਜਦਕਿ ਕਿਸਾਨਾਂ ਨੂੰ ਉਨਾਂ ਦੀ ਫ਼ਸਲ ਦੀ 48 ਘੰਟਿਆਂ ’ਚ ਅਦਾਇਗੀ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ੋਰ ਦਿੰਦੇ ਆਖਿਆ ਕਿ ਜੇਕਰ ਕਿਸੇ ਕਿਸਾਨ ਨੂੰ 72 ਘੰਟੇ ’ਚ ਫ਼ਸਲ ਦੀ ਅਦਾਇਗੀ ਨਾ ਹੋਵੇ ਤਾਂ ਉਸ ਨੂੰ ਵਿਆਜ ਸਹਿਤ ਰਾਸ਼ੀ ਅਦਾ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਉਹ ਲਖਣੋਂ ਸਥਿਤ ਮਹਾਦੇਵ ਦੇ ਡੇਰੇ ਵਿਖੇ ਨਤਮਸਤਕ ਹੋਏ, ਜਿਨ੍ਹਾਂ ਨੂੰ ਮੰਦਰ ਪ੍ਰਬੰਧਕ ਮਹੰਤ ਉਮੇਦ ਗਿਰੀ ਜੀ ਮਹਾਰਾਜ ਨੇ ਦੁਸ਼ਾਲਾ ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਭਾਜਪਾ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ, ਜ਼ਿਲ੍ਹਾ ਭਾਜਪਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ, ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇਪੁਰੀ ਪ੍ਰੇਮਦੱਤ ਤਖਤਗੜ੍ਹ ਤੇ ਐਡਵੋਕੇਟ ਗਗਨ ਭਾਰਦਵਾਜ ਸਹਿਤ ਭਾਰੀ ਸੰਖਿਆ ’ਚ ਪਿੰਡਾਂ ਦੇ ਸਰਪੰਚ, ਪੰਚ ਅਤੇ ਸੰਗਤਾਂ ਮੌਜੂਦ ਸਨ।