- Updated: August 22, 2026 10:02 AM
ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿਚ ਮੋਬਾਈਲ ਫੋਨ ਨੂੰ ਲੈ ਕੇ ਘਰੇਲੂ ਝਗੜੇ ਕਾਰਨ ਪਹਾੜੀ ਤੋਂ ਡਿੱਗਣ ਨਾਲ ਪਰਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਵੇਲੇ ਵਲੂਜ ਐਮਆਈਡੀਸੀ ਥਾਣਾ ਖੇਤਰ ਦੇ ਤਿਸਗਾਓਂ ਖੇਤਰ ਵਿਚ ਵਾਪਰੀ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਮੁਰਲੀਧਰ ਚੰਦਗੁੜੇ (48), ਉਨ੍ਹਾਂ ਦੀ ਪਤਨੀ ਸੰਗੀਤਾ ਅਤੇ ਉਨ੍ਹਾਂ ਦੇ 19 ਸਾਲਾ ਪੁੱਤਰ ਕੁਨਾਲ ਵਜੋਂ ਹੋਈ ਹੈ, ਜੋ ਸ਼ਹਿਰ ਦੇ ਝਲਟਾ ਫਾਟਾ ਖੇਤਰ ਦੇ ਵਸਨੀਕ ਹਨ। ਅਧਿਕਾਰੀਆਂ ਅਨੁਸਾਰ, ਇਹ ਘਟਨਾ ਉਦੋਂ ਵਾਪਰੀ ਜਦੋਂ ਕੁਨਾਲ, ਨਵਾਂ ਮੋਬਾਈਲ ਫੋਨ ਮੰਗਣ ’ਤੇ ਅਪਣੇ ਮਾਪਿਆਂ ਨਾਲ ਝਗੜੇ ਤੋਂ ਗੁੱਸੇ ਵਿਚ ਪਹਾੜੀ ’ਤੇ ਚੜ੍ਹ ਗਿਆ।
ਉਨ੍ਹਾਂ ਕਿਹਾ ਕਿ ਅਪਣੇ ਪੁੱਤਰ ਦੀ ਸੁਰੱਖਿਆ ਲਈ ਚਿੰਤਤ, ਮੁਰਲੀਧਰ ਅਤੇ ਸੰਗੀਤਾ ਉਸ ਦੇ ਪਿੱਛੇ-ਪਿੱਛੇ ਪਹਾੜੀ ਦੀ ਚੋਟੀ ’ਤੇ ਗਏ ਤਾਂ ਜੋ ਉਸ ਨੂੰ ਸ਼ਾਂਤ ਕਰ ਸਕਣ। ਝਗੜੇ ਦੀ ਜਾਣਕਾਰੀ ਮਿਲਣ ’ਤੇ, ਸਥਾਨਕ ਪਿੰਡ ਵਾਸੀ, ਪੁਲਿਸ ਅਤੇ ਫਾਇਰ ਅਧਿਕਾਰੀ ਬਚਾਅ ਕਾਰਜ ਵਿਚ ਸਹਾਇਤਾ ਲਈ ਮੌਕੇ ’ਤੇ ਇਕੱਠੇ ਹੋ ਗਏ। ਫਾਇਰ ਸਰਵਿਸ ਕਰਮਚਾਰੀਆਂ ਨੇ ਪਹਾੜੀ ਦੇ ਪੈਰਾਂ ’ਤੇ ਸੁਰੱਖਿਆ ਜਾਲ ਵਿਛਾਉਣ ਦੀ ਕੋਸ਼ਿਸ਼ ਕੀਤੀ, ਪਰ ਕੁਨਾਲ ਚੱਟਾਨ ਦੇ ਕਿਨਾਰੇ ਅਪਣੀ ਸਥਿਤੀ ਬਦਲਦਾ ਰਿਹਾ, ਜਿਸ ਨਾਲ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ। ਜਦੋਂ ਮੁਰਲੀਧਰ ਅਪਣੇ ਪੁੱਤਰ ਨੂੰ ਸ਼ਾਂਤ ਕਰਨ ਲਈ ਉਸ ਕੋਲ ਗਿਆ, ਤਾਂ ਕੁਨਾਲ ਪਹਾੜੀ ਤੋਂ ਛਾਲ ਮਾਰ ਗਿਆ। ਮੁਰਲੀਧਰ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਦੋਵੇਂ ਅਪਣਾ ਸੰਤੁਲਨ ਗੁਆ ਬੈਠੇ ਅਤੇ ਪਹਾੜੀ ਦੀ ਚੋਟੀ ਤੋਂ ਡਿੱਗ ਪਏ। ਅਪਣੇ ਪਤੀ ਅਤੇ ਪੁੱਤਰ ਨੂੰ ਮੌਤ ਦੇ ਨੇੜੇ ਦੇਖ ਕੇ, ਸੰਗੀਤਾ ਨੇ ਵੀ ਕੁਝ ਦੇਰ ਬਾਅਦ ਪਹਾੜੀ ਤੋਂ ਛਾਲ ਮਾਰ ਦਿਤੀ। ਪੁਲਿਸ ਨੇ ਤਿੰਨੋਂ ਲਾਸ਼ਾਂ ਬਰਾਮਦ ਕਰ ਲਈਆਂ ਹਨ।