ਪਠਾਨਕੋਟ ‘ਚ ISI ਜਾਸੂਸੀ ਨੈੱਟਵਰਕ ਦਾ ਪਰਦਾਫਾਸ਼, 5 ਮੁਲਜ਼ਮ ਗ੍ਰਿਫ਼ਤਾਰ

ਪਠਾਨਕੋਟ ‘ਚ ISI ਜਾਸੂਸੀ ਨੈੱਟਵਰਕ ਦਾ ਪਰਦਾਫਾਸ਼, 5 ਮੁਲਜ਼ਮ ਗ੍ਰਿਫ਼ਤਾਰ

ਪਠਾਨਕੋਟ ਪੁਲਸ ਅਤੇ ਖੁਫੀਆ ਏਜੰਸੀਆਂ ਨੇ ਸਾਂਝੀ ਕਾਰਵਾਈ ਕਰਦਿਆਂ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਇੱਕ ਹਾਈ-ਟੈਕ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਨੈੱਟਵਰਕ ਰਾਸ਼ਟਰੀ ਰਾਜਮਾਰਗ NH-44 ‘ਤੇ ਸੁਜਾਨਪੁਰ ਨੇੜੇ ਇੱਕ ਦੁਕਾਨ ‘ਤੇ ਖਾਸ ਤੌਰ ‘ਤੇ CCTV ਕੈਮਰੇ ਲਗਾ ਕੇ ਭਾਰਤੀ ਫੌਜ ਅਤੇ ਅਰਧ ਸੈਨਿਕ ਬਲਾਂ ਦੀਆਂ ਗਤੀਵਿਧੀਆਂ ‘ਤੇ ਨਿਗਰਾਨੀ ਕਰ ਰਿਹਾ ਸੀ। ਇਨ੍ਹਾਂ ਕੈਮਰਿਆਂ ਦੀ ਲਾਈਵ ਫੀਡ ਇੰਟਰਨੈੱਟ ਰਾਹੀਂ ਸਿੱਧੀ ਪਾਕਿਸਤਾਨ ਵਿੱਚ ਬੈਠੇ ISI ਹੈਂਡਲਰਾਂ ਤੱਕ ਪਹੁੰਚਾਈ ਜਾ ਰਹੀ ਸੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਇਸ ਪੂਰੇ ਨੈੱਟਵਰਕ ਦਾ  ਮੁੱਖ ਮਾਸਟਰਮਾਈਂਡ ਬਲਜੀਤ ਸਿੰਘ ਉਰਫ਼ ਬੀਤੂ ਅਤੇ ਉਸ ਦਾ ਭਰਾ ਹਰਦੀਪ ਸਿੰਘ ਸ਼ਾਮਲ ਹਨ, ਜਿਨ੍ਹਾਂ ਨੂੰ ਪਠਾਨਕੋਟ ਦੇ ਪਿੰਡ ਚੱਕ ਧਾਰੀਵਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਅੰਕਿਤ ਸ਼ਰਮਾ, ਜੋ ਫਿਰੋਜ਼ਪੁਰ ਕਲਾਂ ਦਾ ਰਹਿਣ ਵਾਲਾ ਹੈ, ਦੀ ਦੁਕਾਨ ‘ਤੇ ਫੌਜ ਦੀ ਮੂਵਮੈਂਟ ਰਿਕਾਰਡ ਕਰਨ ਲਈ ਕੈਮਰੇ ਲਗਾਏ ਗਏ ਸਨ।

ਹੋਰ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਗੁਰਦਾਸਪੁਰ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਅਤੇ ਤਰਨਪ੍ਰੀਤ ਸਿੰਘ ਵੀ ਸ਼ਾਮਲ ਹਨ। ਪੁਲਸ ਮੁਤਾਬਕ ਦੋਵੇਂ ਮੁਲਜ਼ਮ ਪਹਿਲਾਂ ਹੀ ISI ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਨੈੱਟਵਰਕ ਨੂੰ ਪਾਕਿਸਤਾਨੀ ਹੈਂਡਲਰਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਨ।

ਦੱਸ ਦੇਈਏ ਕਿ ਪਠਾਨਕੋਟ ਅਤੇ ਗੁਰਦਾਸਪੁਰ ਵਰਗੇ ਸਰਹੱਦੀ ਜ਼ਿਲ੍ਹੇ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਬਹੁਤ ਸੰਵੇਦਨਸ਼ੀਲ ਮੰਨੇ ਜਾਂਦੇ ਹਨ, ਕਿਉਂਕਿ ਇਨ੍ਹਾਂ ਰਾਹੀਂ ਫੌਜੀ ਕਾਫਲੇ ਅਕਸਰ ਜੰਮੂ-ਕਸ਼ਮੀਰ ਅਤੇ ਹੋਰ ਅਗਲੀਆਂ ਚੌਕੀਆਂ ਵੱਲ ਜਾਂਦੇ ਹਨ। ਅਜਿਹੇ ਸੰਵੇਦਨਸ਼ੀਲ ਇਲਾਕੇ ਤੋਂ ਲਾਈਵ ਫੁਟੇਜ ਲੀਕ ਹੋਣਾ ਇੱਕ ਵੱਡੀ ਸਾਜ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਪੁਲਸ ਨੇ ਇਸ ਮਾਮਲੇ ਵਿੱਚ ਭਾਰਤੀ ਨਿਆ ਸੰਹਿਤਾ ਦੀਆਂ ਸਖ਼ਤ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਕੇ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।