242 ਯਾਤਰੀਆਂ ਦੇ ਜਹਾਜ਼ ''ਚੋਂ ਨਿਕਲੀ ਚੰਗਿਆੜੀ ਕਾਰਨ ਸੁੱਕੇ ਸਾਹ

 242 ਯਾਤਰੀਆਂ ਦੇ ਜਹਾਜ਼ ''ਚੋਂ ਨਿਕਲੀ ਚੰਗਿਆੜੀ ਕਾਰਨ ਸੁੱਕੇ ਸਾਹ

ਬੀਤੇ ਐਤਵਾਰ ਲਖਨਊ ਦੇ ਅਮੌਸੀ ਏਅਰਪੋਰਟ 'ਤੇ ਇਕ ਵੱਡਾ ਹਾਦਸਾ ਟਲ ਗਿਆ। ਸਾਊਦੀ ਅਰਬੀਆ ਏਅਰਲਾਈਨਜ਼ ਦੇ ਇਕ ਜਹਾਜ਼ ਦੇ ਖੱਬੇ ਪਹੀਏ ਤੋਂ ਧੂੰਆਂ ਅਤੇ ਚੰਗਿਆੜੀ ਨਿਕਲਣ ਲੱਗੀ। ਇਹ ਜਹਾਜ਼ ਜੇਦਾਹ ਤੋਂ ਹੱਜ ਯਾਤਰੀਆਂ ਨੂੰ ਲੈ ਕੇ ਲਖਨਊ ਆਇਆ ਸੀ। ਹਾਦਸੇ ਦੇ ਸਮੇਂ ਜਹਾਜ਼ 'ਚ 242 ਯਾਤਰੀ ਸਵਾਰ ਸਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਹਾਜ਼ ਲੈਂਡਿੰਗ ਤੋਂ ਬਾਅਦ ਟੈਕਸੀ-ਵੇਅ 'ਤੇ ਆ ਰਿਹਾ ਸੀ। ਉਸੇ ਸਮੇਂ ਪਾਇਲਟ ਨੂੰ ਖੱਬੇ ਪਹੀਏ ਕੋਲ ਚੰਗਿਆੜੀ ਅਤੇ ਧੂੰਏਂ ਦਾ ਅਹਿਸਾਸ ਹੋਇਆ। ਉਸ ਨੇ ਤੁਰੰਤ ਏਅਰ ਟ੍ਰੈਫ਼ਿਕ ਕੰਟਰੋਲ (ਏਟੀਸੀ) ਨੂੰ ਇਸ ਦੀ ਜਾਣਕਾਰੀ ਦਿੱਤੀ। 

ਏਟੀਸੀ ਤੋਂ ਸੂਚਨਾ ਮਿਲਦੇ ਹੀ ਏਅਰਪੋਰਟ ਦੀ ਫਾਇਰ ਸੇਫਟੀ ਟੀਮ ਮੌਕੇ 'ਤੇ ਪਹੁੰਚੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਫੋਮ ਅਤੇ ਪਾਣੀ ਪਾ ਕੇ ਲਗਭਗ 20 ਮਿੰਟਾਂ 'ਚ ਸਥਿਤੀ 'ਤੇ ਕਾਬੂ ਪਾ ਲਿਆ। ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ, ਯਾਤਰੀ ਜਹਾਜ਼ ਦੇ ਅੰਦਰ ਹੀ ਬੈਠੇ ਰਹੇ। ਧੂੰਆਂ ਅਤੇ ਅੱਗ ਦੀ ਖ਼ਬਰ ਮਿਲਦੇ ਹੀ ਜਹਾਜ਼ ਦੇ ਅੰਦਰ ਬੈਠੇ ਯਾਤਰੀਆਂ 'ਚ ਦਹਿਸ਼ਤ ਫੈਲ ਗਈ ਪਰ ਜਿਵੇਂ ਹੀ ਸਥਿਤੀ ਕੰਟਰੋਲ 'ਚ ਆਈ, ਜਹਾਜ਼ ਨੂੰ ਟੈਕਸੀ-ਵੇਅ 'ਤੇ ਲਿਜਾ ਕੇ ਰੋਕਿਆ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।

ਜਹਾਜ਼ ਤੋਂ ਯਾਤਰੀਆਂ ਨੂੰ ਉਤਾਰਨ ਤੋਂ ਬਾਅਦ ਇੰਜੀਨੀਅਰਾਂ ਦੀ ਟੀਮ ਨੇ ਜਹਾਜ਼ ਦੀ ਜਾਂਚ ਸ਼ੁਰੂ ਕੀਤੀ। ਸ਼ੁਰੂਆਤੀ ਜਾਣਕਾਰੀ ਅਨੁਸਾਰ ਖੱਬੇ ਪਹੀਏ ਦੇ ਹਾਈਡ੍ਰਾਲਿਕ ਸਿਸਟਮ 'ਚ ਲੀਕੇਜ ਹੋ ਗਿਆ ਸੀ, ਜਿਸ ਕਾਰਨ ਧੂੰਆਂ ਅਤੇ ਚੰਗਿਆੜੀ ਨਿਕਲੀ। ਏਅਰਪੋਰਟ ਦੇ ਬੁਲਾਰੇ ਨੇ ਦੱਸਿਆ ਕਿ ਸਾਊਦੀ ਅਰਬੀਆ ਏਅਰਲਾਈਨਜ਼ ਦਾ ਇਹ ਜਹਾਜ਼ ਹੱਜ ਯਾਤਰੀਆਂ ਨੂੰ ਲੈ ਕੇ ਲਖਨਊ ਆਉਂਦਾ ਹੈ ਅਤੇ ਫਿਰ ਖ਼ਾਲੀ ਵਾਹਨ ਜੇਦਾਹ ਜਾਂਦਾ ਹੈ।