PM ਮੋਦੀ ਦਾ ਪੰਜਾਬ ਦੌਰਾ ਜਲਦ! ਪੰਜਾਬੀਆਂ ਲਈ ਹੋ ਸਕਦੇ ਨੇ ਵੱਡੇ ਐਲਾਨ

PM ਮੋਦੀ ਦਾ ਪੰਜਾਬ ਦੌਰਾ ਜਲਦ! ਪੰਜਾਬੀਆਂ ਲਈ ਹੋ ਸਕਦੇ ਨੇ ਵੱਡੇ ਐਲਾਨ

 ਪੰਜਾਬ ਵਿਧਾਨ ਸਭਾ ਚੋਣਾਂ 'ਚ ਸਿਰਫ 6 ਮਹੀਨੇ ਬਾਕੀ ਰਹਿਣ ਕਾਰਨ ਭਾਜਪਾ ਪੂਰੀ ਤਰ੍ਹਾਂ ਚੋਣ ਮੋਡ ’ਚ ਆ ਗਈ ਹੈ। ਇਹੀ ਵਜ੍ਹਾ ਹੈ ਕਿ ਪਾਰਟੀ ਨੇ ਸਤੰਬਰ ਅਤੇ ਅਕਤੂਬਰ ’ਚ ਚੋਟੀ ਦੇ 3 ਆਗੂਆਂ ਦੇ ਪ੍ਰੋਗਰਾਮ ਪੰਜਾਬ ’ਚ ਰੱਖਣ ਦਾ ਫ਼ੈਸਲਾ ਕੀਤਾ ਹੈ। ਉੱਚ ਪੱਧਰੀ ਸੂਤਰਾਂ ਦੀ ਮੰਨੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਤੂਬਰ ’ਚ ਪੰਜਾਬ ਦਾ ਤਿੰਨ ਰੋਜ਼ਾ ਦੌਰਾ ਕਰਨਗੇ। ਫਿਲਹਾਲ ਉਨ੍ਹਾਂ ਦੇ ਇਸ ਪ੍ਰੋਗਰਾਮ ਦੀ ਤਾਰੀਖ਼ ਤੈਅ ਨਹੀਂ ਹੋਈ ਹੈ ਪਰ ਪਾਰਟੀ ਦਾ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਦੇ ਆਸ-ਪਾਸ ਹੀ ਮੋਦੀ ਦਾ ਪ੍ਰੋਗਰਾਮ ਰੱਖਣ ਦਾ ਵਿਚਾਰ ਹੈ। ਮੋਦੀ ਪਹਿਲੇ ਦਿਨ ਮਾਝੇ ਦੇ ਕਈ ਵਿਧਾਨ ਸਭਾ ਹਲਕਿਆਂ ’ਚ ਰੋਡ ਸ਼ੋਅ ਕਰਨਗੇ ਅਤੇ ਰਾਤ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁੱਖ ਦਫ਼ਤਰ ’ਚ ਆਰਾਮ ਕਰਨਗੇ।

ਹਾਲਾਂਕਿ ਅਜੇ ਉਨ੍ਹਾਂ ਦੇ ਪ੍ਰੋਗਰਾਮ ਦੀ ਰੂਪ-ਰੇਖਾ ਬਣ ਰਹੀ ਹੈ ਪਰ ਪਾਰਟੀ ਆਗੂ ਬਠਿੰਡਾ ਜਾਂ ਪਟਿਆਲਾ ’ਚ ਉਨ੍ਹਾਂ ਦੀ ਰੈਲੀ ਆਯੋਜਿਤ ਕਰਨ ਲਈ ਰਾਸ਼ਟਰੀ ਲੀਡਰਸ਼ਿਪ ਨਾਲ ਸੰਪਰਕ ਕਰ ਰਹੇ ਹਨ। ਉਹ ਬਠਿੰਡਾ ਤੋਂ ਰੋਡ ਸ਼ੋਅ ਕਰਦੇ ਹੋਏ ਪਟਿਆਲਾ ਵੀ ਆ ਸਕਦੇ ਹਨ। ਪੀ. ਐੱਮ. ਓ. ਅਤੇ ਰਾਸ਼ਟਰੀ ਲੀਡਰਸ਼ਿਪ ਮਿਲ ਕੇ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਤਿਆਰ ਕਰ ਰਹੇ ਹਨ। ਇਸ ਦੌਰਾਨ ਕੇਂਦਰ ਦੀ ਆਫ਼ਸਰ ਲਾਬੀ ਵੀ ਕੰਮ ’ਚ ਰੁੱਝ ਗਈ ਹੈ। ਇਨ੍ਹਾਂ ਦਾ ਕੰਮ ਇਹ ਪਤਾ ਲਾਉਣਾ ਹੈ ਕਿ ਪੀ. ਐੱਮ. ਆਪਣੇ ਦੌਰੇ ਦੌਰਾਨ ਕਿਹੜੇ-ਕਿਹੜੇ ਐਲਾਨ ਕਰ ਸਕਦੇ ਹਨ ਅਤੇ ਚੋਣਾਂ ਲਈ ਜਨਤਾ ਦੇ ਸਾਹਮਣੇ ਕਿਹੜੇ ਵਾਅਦੇ ਰੱਖ ਸਕਦੇ ਹਨ, ਜੋ ਪੂਰੇ ਹੋ ਸਕਦੇ ਹੋਣ।

ਇਸ ਦੌਰਾਨ ਪੰਜਾਬ ’ਚ ਵਿਗੜਦੀ ਕਾਨੂੰਨ-ਵਿਵਸਥਾ ਅਤੇ ਨਸ਼ੇ ਖ਼ਿਲਾਫ਼ 18 ਸਤੰਬਰ ਨੂੰ ਪਠਾਨਕੋਟ ਤੋਂ ਮਾਰਚ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲੇ ਦਿਨ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਇਸ ਦੀ ਅਗਵਾਈ ਕਰਨਗੇ। ਪਾਰਟੀ 19, 20 ਅਤੇ 21 ਨੂੰ 3 ਹੋਰ ਸ਼ਹਿਰਾਂ ਤੋਂ ਮਾਰਚ ਸ਼ੁਰੂ ਕਰੇਗੀ। ਇਹ ਮਾਰਚ ਤਲਵੰਡੀ ਸਾਬੋ, ਕੇਸਗੜ੍ਹ ਸਾਹਿਬ ਅਤੇ ਫਾਜ਼ਿਲਕਾ ਤੋਂ ਸ਼ੁਰੂ ਹੋ ਸਕਦੇ ਹਨ। ਕੁੱਝ ਕੇਂਦਰੀ ਮੰਤਰੀਆਂ ਨੂੰ ਇਨ੍ਹਾਂ ਦੀ ਅਗਵਾਈ ਕਰਨ ਦਾ ਜ਼ਿੰਮਾ ਸੌਂਪਿਆ ਜਾਵੇਗਾ। ਇਨ੍ਹਾਂ ਮਾਰਚਾਂ ਦੀ ਸਮਾਪਤੀ ਜਲੰਧਰ ’ਚ ਹੋਵੇਗੀ। ਉਸ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਡੀ ਰੈਲੀ ਜ਼ਰੀਏ ਭਾਜਪਾ ਦੀ ਤਾਕਤ ਦਿਖਾਉਣਗੇ। ਇਨ੍ਹਾਂ ਮਾਰਚਾਂ ਦੀ ਸ਼ੁਰੂਆਤ ਅਤੇ ਅਮਿਤ ਸ਼ਾਹ ਦੀ ਰੈਲੀ ਦੀ ਤਾਰੀਖ਼ ਬਾਰੇ ਮੰਗਲਵਾਰ ਨੂੰ ਦਿੱਲੀ ’ਚ ਹੋਣ ਵਾਲੀ ਮੀਟਿੰਗ ’ਚ ਅੰਤਿਮ ਮੋਹਰ ਲੱਗੇਗੀ। ਮੀਟਿੰਗ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਪ੍ਰਧਾਨਗੀ ਹੇਠ ਹੋਵੇਗੀ, ਜਿਸ ’ਚ ਪੰਜਾਬ ਇੰਚਾਰਜ ਡਾ. ਸਤੀਸ਼ ਪੂਨੀਆ, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੂਬਾ ਸੰਗਠਨ ਮੰਤਰੀ ਮੰਥਰੀ ਸ਼੍ਰੀਨਿਵਾਸੁਲੂ ਹਿੱਸਾ ਲੈਣਗੇ। ਇਸ ਮੀਟਿੰਗ ’ਚ ਅਮਿਤ ਸ਼ਾਹ ਵੀ ਹਿੱਸਾ ਲੈ ਸਕਦੇ ਹਨ।