ਇਕ ਹੋਰ ਉਘੇ ਸਿੱਖ ਵਿਦਵਾਨ ਦੀ ਆਵਾਜ਼ ਇੰਗਲੈਂਡ ਦੀ ਪਾਰਲੀਮੈਂਟ ਵਿਚ ਗੂੰਜੇਗੀ। 

 ਇਕ ਹੋਰ ਉਘੇ ਸਿੱਖ ਵਿਦਵਾਨ ਦੀ ਆਵਾਜ਼ ਇੰਗਲੈਂਡ ਦੀ ਪਾਰਲੀਮੈਂਟ ਵਿਚ ਗੂੰਜੇਗੀ। 

ਵਿਦੇਸ਼ਾਂ ਵਿਚ ਜਾ ਕੇ ਰੋਟੀ ਰੋਜ਼ੀ ਦੀ ਖ਼ਾਤਰ ਵਸੇ ਸਿੱਖਾਂ ਨੇ ਧਾਰਮਕ ਸਭਿਆਚਾਰਕ ਅਤੇ ਆਰਥਕ ਤੌਰ ’ਤੇ ਅਪਣੀ ਵਖਰੀ ਪਛਾਣ ਬਣਾਈ ਹੈ। ਇਸ ਨਾਲ ਉਥੋਂ ਦੀ ਰਾਜਨੀਤੀ ਵਿਚ ਵੀ ਅਪਣੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਇਸੇ ਤਰ੍ਹਾਂ ਹੀ ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਕਸਬਾ ਫ਼ਤਿਆਬਾਦ ਦੇ ਜੰਮਪਲ ਉਘੇ ਸਿੱਖ ਵਿਦਵਾਨ ਸ. ਪ੍ਰਭਦੀਪ ਸਿੰਘ ਯੂ ਕੇ ਨੇ ਪਿਛਲੇ ਲੰਮੇ ਸਮੇਂ ਤੋਂ ਧਾਰਮਕ ਤੌਰ ’ਤੇ ਅਪਣੀ ਬਹੁਤ ਵੱਡੀ ਪਛਾਣ ਬਣਾਈ ਹੈ।

ਗੁਰਦੁਆਰਿਆਂ ਵਿਚ ਉਨ੍ਹਾਂ ਦੇ ਭਾਸ਼ਣਾਂ ਨੂੰ ਸਿੱਖ ਬਹੁਤ ਧਿਆਨ ਨਾਲ ਸੁਣਦੇ ਹਨ। ਪਿਛਲੇ ਦਿਨਾਂ ਵਿਚ ਯੂ ਕੇ ਦੀ ਸਰਕਾਰ ਨੇ ਲੋਕਾਂ ਤੇ ਨਿਤ ਦੀਆਂ ਵਰਤੋਂ ਵਾਲੀਆਂ ਚੀਜ਼ਾਂ ’ਤੇ ਵੱਡੇ ਟੈਕਸਾਂ ਦਾ ਬੋਝ ਪਾਇਆ ਤਾਂ ਪ੍ਰਭਦੀਪ ਸਿੰਘ ਨੇ ਲੰਡਨ ਦੇ ਮੇਅਰ ਤਕ ਆਵਾਜ਼ ਪਹੁੰਚਾਉਣ ਲਈ ਭੁੱਖ ਹੜਤਾਲ ਰੱਖ ਕੇ ਸਰਕਾਰ ਦਾ ਧਿਆਨ ਖਿਚਿਆ। ਇਸ ਕਰ ਕੇ ਪੰਜਾਬੀਆਂ ਦੇ ਨਾਲ ਅੰਗਰੇਜ਼ ਵੀ ਬਹੁਤ ਪ੍ਰਭਾਵਤ ਹੋ ਕੇ ਪ੍ਰਭਦੀਪ ਸਿੰਘ ਨਾਲ ਸੰਘਰਸ਼ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋ ਗਏ ਕਿ ਇਕ ਸਿੱਖ ਸਾਡੇ ਹੱਕਾਂ ਲਈ ਲੜ ਰਿਹਾ ਹੈ।

ਹੁਣ ਯੂ ਕੇ ਦੇ ਲੋਕ ਪ੍ਰਭਦੀਪ ਸਿੰਘ ਨੂੰ ਲੀਡਰ ਬਣਾਉਣਾ ਚਾਹੁੰਦੇ ਹਨ। ਰਿਫ਼ੌਰਮ ਪਾਰਟੀ ਯੂ ਕੇ ਵਲੋਂ ਸੰਸਦੀ ਚੋਣਾਂ ਲਈ ਦੋ ਹਲਕਿਆਂ ਤੋਂ ਅਪਣਾ ਉਮੀਦਵਾਰ ਬਣਾਇਆ ਗਿਆ ਹੈ। ਪੱਤਰਕਾਰ ਨਾਲ ਫ਼ੋਨ ’ਤੇ ਗੱਲਬਾਤ ਕਰਦਿਆਂ ਪ੍ਰਭਦੀਪ ਸਿੰਘ ਨੇ ਕਿਹਾ ਕਿ ਉਹ ਸੰਸਦ ਵਿਚ ਸਿੱਖਾਂ ਅਤੇ ਹੋਰ ਲੋਕਾਂ ਦੀਆਂ ਮੁਸ਼ਕਲਾਂ ਦੀ ਆਵਾਜ਼ ਯੂ ਕੇ ਦੀ ਸੰਸਦ ਵਿਚ ਜ਼ੋਰ ਸ਼ੋਰ ਨਾਲ ਉਠਾਉਣਗੇ।