ਵਾਰਦਾਤ ਨਾਲ ਕੰਬਿਆ ਪੰਜਾਬ, ਸ੍ਰੀ ਸਾਹਿਬ ਨਾਲ ਵੱਡੇ ਭਰਾ ਦਾ ਕਤਲ, ਛੋਟਾ ਭਰਾ ਗੰਭੀਰ ਜ਼ਖ਼ਮੀ

ਵਾਰਦਾਤ ਨਾਲ ਕੰਬਿਆ ਪੰਜਾਬ, ਸ੍ਰੀ ਸਾਹਿਬ ਨਾਲ ਵੱਡੇ ਭਰਾ ਦਾ ਕਤਲ, ਛੋਟਾ ਭਰਾ ਗੰਭੀਰ ਜ਼ਖ਼ਮੀ

ਬੀਤੀ ਰਾਤ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਕਸਬਾ ਹਰੀਕੇ ਵਿਖੇ ਮੋਮੋਜ਼ ਖਾ ਰਹੇ ਦੋ ਸਕੇ ਭਰਾਵਾਂ ਉੱਪਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕਲਾਸ ਵਿਚ ਪੜ੍ਹਦੇ ਪੁਰਾਣੇ ਦੋਸਤਾਂ ਵੱਲੋਂ ਸ੍ਰੀ ਸਾਹਿਬ ਨਾਲ ਹਮਲਾ ਕਰਦੇ ਹੋਏ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਹਾਲਤ ਵਿਚ ਜਦੋਂ ਦੋਵਾਂ ਭਰਾਵਾਂ ਨੂੰ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਤਾਂ ਵੱਡੇ ਭਰਾ ਦੀ ਮੌਤ ਹੋ ਗਈ ਜਦਕਿ ਛੋਟਾ ਭਰਾ ਜੇਰੇ ਇਲਾਜ ਦੱਸਿਆ ਜਾ ਰਿਹਾ ਹੈ।  ਇਸ ਮਾਮਲੇ ਵਿਚ ਪੁਲਸ ਨੇ ਤਿੰਨ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਦੇ ਹੋਏ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। 

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 8:30 ਵਜੇ ਜਦੋਂ ਗੁਰਲਾਲ ਸਿੰਘ (15) ਆਪਣੇ ਵੱਡੇ ਭਰਾ ਅੰਗਦਜੋਤ ਸਿੰਘ (17) ਪੁੱਤਰ ਬਲਵਿੰਦਰ ਸਿੰਘ ਵਾਸੀ ਹਰੀਕੇ ਸਮੇਤ ਪੱਟੀ ਰੋਡ ਹਰੀਕੇ ਵਿਖੇ ਮੋਮੋਜ ਖਾ ਰਹੇ ਸਨ ਤਾਂ ਇਸ ਦੌਰਾਨ ਅੰਗਦ ਜੋਤ ਸਿੰਘ ਨਾਲ ਪੜ੍ਹਾਈ ਕਰਨ ਵਾਲੇ ਇਸਦੇ ਪੁਰਾਣੇ ਦੋਸਤ ਉੱਥੇ ਆਏ ਜਿਨ੍ਹਾਂ ਵੱਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਆਪਸ ਵਿਚ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਗਈ। ਇਸ ਤੋਂ ਬਾਅਦ ਗੁਰਸ਼ੇਰ ਸਿੰਘ, ਸਰੂਪ ਸਿੰਘ ਅਤੇ ਸਿਮਰਨ ਸਿੰਘ ਵੱਲੋਂ ਦੋਵਾਂ ਸਕੇ ਭਰਾਵਾਂ ਉੱਪਰ ਜਾਨ ਲੇਵਾ ਹਮਲਾ ਸ਼ੁਰੂ ਕਰ ਦਿੱਤਾ ਗਿਆ। ਇਸ ਹਮਲੇ ਦੌਰਾਨ ਅੰਗਦ ਜੋਤ ਸਿੰਘ ਉੱਪਰ ਸ੍ਰੀ ਸਾਹਿਬ ਨਾਲ ਜਦੋਂ ਵਾਰ ਕੀਤਾ ਗਿਆ ਤਾਂ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਆਪਣੇ ਵੱਡੇ ਭਰਾ ਨੂੰ ਬਚਾਉਣ ਲਈ ਜਦੋਂ ਛੋਟਾ ਭਰਾ ਗੁਰਲਾਲ ਸਿੰਘ ਅੱਗੇ ਆਇਆ ਤਾਂ ਉਸ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ। 

ਗੰਭੀਰ ਰੂਪ ਵਿਚ ਜ਼ਖਮੀ ਹੋਏ ਅੰਗਦ ਜੋਤ ਸਿੰਘ ਨੂੰ ਜਦੋਂ ਨਜ਼ਦੀਕੀ ਹਸਪਤਾਲ ਵਿਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਦਕਿ ਗੁਰਲਾਲ ਸਿੰਘ ਦੇ ਮਾਮੂਲੀ ਸੱਟਾਂ ਲੱਗਣ ਕਰਕੇ ਉਸਦਾ ਇਲਾਜ ਜਾਰੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਹਰੀਕੇ ਪੱਤਣ ਦੇ ਮੁਖੀ ਬਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅੰਗਦ ਜੋਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਬਿਆਨਾਂ ਹੇਠ ਗੁਰਸ਼ੇਰ ਸਿੰਘ ਪੁੱਤਰ ਲਖਵਿੰਦਰ ਸਿੰਘ ਸਰੂਪ ਸਿੰਘ ਪੁੱਤਰ ਜਸਬੀਰ ਸਿੰਘ ਅਤੇ ਸਿਮਰਨ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀਆਣ ਪਿੰਡ ਮਰਹਾਣਾ ਖਿਲਾਫ ਕਤਲ ਦਾ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਲਿਜਾਇਆ ਗਿਆ ਹੈ।