ਜਾਰੀ ਰਹੇਗਾ ਪੰਜਾਬ ''ਚ ਭਿਆਨਕ ਗਰਮੀ ਨਾਲ ਲੂ ਦਾ ਕਹਿਰ, ਰੈੱਡ ਅਲਰਟ ਜਾਰੀ

ਜਾਰੀ ਰਹੇਗਾ ਪੰਜਾਬ ''ਚ ਭਿਆਨਕ ਗਰਮੀ ਨਾਲ ਲੂ ਦਾ ਕਹਿਰ, ਰੈੱਡ ਅਲਰਟ ਜਾਰੀ

ਪੰਜਾਬ ਦੇ ਲੋਕਾਂ ਨੂੰ ਇਸ ਹਫਤੇ ਵੀ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਕੱਲ੍ਹ (ਮੰਗਲਵਾਰ) ਤੋਂ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਅੱਜ ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਰੈੱਡ ਹੀਟ ਅਲਰਟ ਜਾਰੀ ਕੀਤਾ ਗਿਆ ਹੈ ਅਤੇ 7 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕੱਲ੍ਹ ਦੇ ਮੁਕਾਬਲੇ ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਹੋਇਆ ਹੈ।

ਇਸ ਦੇ ਨਾਲ ਹੀ ਇਨ੍ਹੀਂ ਦਿਨੀਂ ਸੂਬੇ 'ਚ ਤਾਪਮਾਨ ਆਮ ਦਿਨਾਂ ਨਾਲੋਂ 7.2 ਡਿਗਰੀ ਵੱਧ ਹੈ। ਸਮਰਾਲਾ ਸਭ ਤੋਂ ਗਰਮ ਰਿਹਾ। ਉੱਥੇ ਤਾਪਮਾਨ 47.2 ਡਿਗਰੀ ਦਰਜ ਕੀਤਾ ਗਿਆ। ਹਾਲਾਂਕਿ ਜੂਨ 'ਚ ਆਮ ਨਾਲੋਂ 87 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। 1 ਜੂਨ ਤੋਂ 16 ਜੂਨ ਤੱਕ 2.3 ਮਿਲੀਮੀਟਰ ਬਾਰਿਸ਼ ਹੋਈ ਹੈ।

ਸੂਬੇ ਦੇ ਜਿਨ੍ਹਾਂ 16 ਜ਼ਿਲ੍ਹਿਆਂ ਵਿੱਚ ਅੱਜ ਗਰਮੀ ਅਤੇ ਲੂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ, ਮੋਹਾਲੀ ਅਤੇ ਮਲੇਰਕੋਟਲਾ ਸ਼ਾਮਲ ਹਨ। ਜਦਕਿ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ ਅਤੇ ਫਤਿਹਗੜ੍ਹ ਸਾਹਿਬ ਲਈ ਯੈਲੋ ਅਲਰਟ ਰਹੇਗਾ। ਮੌਸਮ ਵਿਭਾਗ ਨੇ ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ਵਿੱਚ ਸਖ਼ਤ ਗਰਮੀ ਪੈਣ ਦੀ ਸੂਚਨਾ ਦਿੱਤੀ ਹੈ।

15 ਜ਼ਿਲ੍ਹਿਆਂ ਵਿੱਚ ਤਾਪਮਾਨ 45 ਡਿਗਰੀ ਤੋਂ ਉਪਰ ਰਿਹਾ। ਇਸ ਦੌਰਾਨ ਅੰਮ੍ਰਿਤਸਰ 45.8 ਡਿਗਰੀ, ਲੁਧਿਆਣਾ 44.6 ਡਿਗਰੀ, ਪਟਿਆਲਾ 45.5, ਪਠਾਨਕੋਟ 46.0, ਐਸ.ਬੀ.ਐਸ.ਨਗਰ 43.4 ਡਿਗਰੀ, ਬਠਿੰਡਾ 46.3 ਡਿਗਰੀ, ਫ਼ਤਹਿਗੜ੍ਹ ਸਾਹਿਬ 44.9 ਡਿਗਰੀ, ਫ਼ਿਰੋਜ਼ਪੁਰ 44.3, ਜਲੰਧਰ 44.9 ਡਿਗਰੀ, ਸਮਰਾਲਾ 42 ਡਿਗਰੀ ਸੈਲਸੀਅਸ ,ਮੁਹਾਲੀ ਵਿੱਚ 44.2 ਡਿਗਰੀ, ਰੋਪੜ ਵਿੱਚ 43.7 ਡਿਗਰੀ, ਰੂਪਨਗਰ ਵਿੱਚ 43.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ।